ਅੰਮ੍ਰਿਤਸਰ ਹਵਾਈ ਅੱਡੇ ’ਤੇ ਫਾਸਟ ਟਰੈਕ ਇਮੀਗ੍ਰੇਸ਼ਨ ਈ-ਗੇਟ ਸੇਵਾ ਸ਼ੁਰੂ
ਇੱਥੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਹੁਣ ਕੌਮਾਂਤਰੀ ਯਾਤਰੀਆਂ ਨੂੰ ਇਮੀਗ੍ਰੇਸ਼ਨ ਲਈ ਲੰਬੀਆਂ ਕਤਾਰਾਂ ’ਚ ਨਹੀਂ ਲੱਗਣਾ ਪਵੇਗਾ। ਹਵਾਈ ਅੱਡੇ ’ਤੇ ਫਾਸਟ ਟਰੈਕ ਇਮੀਗ੍ਰੇਸ਼ਨ/ਟਰੱਸਟਡ ਟਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਸ ਵਿਸ਼ਵ-ਪੱਧਰੀ ਸਹੂਲਤ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ। ਇਸ ਤਹਿਤ ਹਵਾਈ ਅੱਡੇ ’ਤੇ ਅੱਠ ਆਟੋਮੈਟਿਕ ਈ-ਗੇਟ ਲਗਾਏ ਗਏ ਹਨ। ਇਨ੍ਹਾਂ ਰਾਹੀਂ ਯਾਤਰੀ ਸਿਰਫ਼ ਕੁਝ ਸਕਿੰਟਾਂ ’ਚ ਬਾਇਓਮੀਟ੍ਰਿਕ ਤਸਦੀਕ ਨਾਲ ਇਮੀਗ੍ਰੇਸ਼ਨ ਕਲੀਅਰ ਕਰ ਸਕਣਗੇ। ਇਸ ਲਈ ਯਾਤਰੀ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇੱਕ ਵਾਰ ਰਜਿਸਟ੍ਰੇਸ਼ਨ ਅਤੇ ਬਾਇਓਮੀਟ੍ਰਿਕ ਡੇਟਾ ਹਵਾਈ ਅੱਡੇ ਜਾਂ ਐੱਫ ਆਰ ਆਰ ਓ ਦਫ਼ਤਰ ’ਚ ਦਰਜ ਹੋਣ ਤੋਂ ਬਾਅਦ, ਇਹ ਸੁਵਿਧਾ ਪੰਜ ਸਾਲ ਜਾਂ ਪਾਸਪੋਰਟ ਦੀ ਮਿਆਦ ਸਮਾਪਤ ਹੋਣ ਤਕ ਵਰਤੀ ਜਾ ਸਕਦੀ ਹੈ। ਇਹ ਸਹੂਲਤ ਭਾਰਤੀ ਪਾਸਪੋਰਟ ਧਾਰਕਾਂ ਅਤੇ ਓ ਸੀ ਆਈ ਕਾਰਡ ਧਾਰਕਾਂ ਲਈ ਮੁਫ਼ਤ ਉਪਲਬਧ ਹੈ। ਇਸ ਨਵੀਂ ਸਹੂਲਤ ਦਾ ਸਵਾਗਤ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਅੰਮ੍ਰਿਤਸਰ ਲਈ ਇਹ ਇਤਿਹਾਸਕ ਕਦਮ ਹੈ। ਇਸ ਨਾਲ ਕੌਮਾਂਤਰੀ ਯਾਤਰੀਆਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਤੇਜ਼, ਸੁਚਾਰੂ, ਆਸਾਨ ਅਤੇ ਬਿਨਾਂ ਤਣਾਅ ਵਾਲੀ ਹੋਵੇਗੀ। ਦੋਹਾ, ਦੁਬਈ, ਸ਼ਾਰਜਾਹ, ਕੁਆਲਾਲੰਪੁਰ, ਸਿੰਗਾਪੁਰ, ਬਰਮਿੰਘਮ ਵਰਗੇ ਸਥਾਨਾਂ ਲਈ ਉਡਾਣ ਭਰਨ ਵਾਲੇ ਯਾਤਰੀ ਸਿੱਧੇ ਤੌਰ ’ਤੇ ਇਸ ਦਾ ਲਾਭ ਲੈਣਗੇ।