ਕਿਸਾਨ 13 ਨੂੰ ਕਰਨਗੇ ਟਰੰਪ, ਮੋਦੀ ਅਤੇ ਮਾਨ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ
ਜੋਗਿੰਦਰ ਸਿੰਘ ਮਾਨ
ਆਉਂਦੀ 13 ਅਗਸਤ ਨੂੰ ਕਿਸਾਨਾਂ ਨੇ ਟੈਰਿਫ਼ ਵਧਾਉਣ ਖਿਲਾਫ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ‘ਆਲ ਇੰਡੀਆ ਕਿਸਾਨ ਮਹਾਂ ਸਭਾ’ ਦੇ ਸੱਦੇ ’ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਲਈ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਅੱਜ ਜਥੇਬੰਦੀ ਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਨੂੰ ਜ਼ੋਰਦਾਰ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਦਾ ਅਸਰ ਸਭ ਦੇ ਸਾਹਮਣੇ ਆ ਗਿਆ ਹੈ। ਇਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਟਰੰਪ ਦੀਆਂ ਧਮਕੀਆਂ ਤੋਂ ਡਰ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨਾਲ ਵਪਾਰ ਨਾ ਕਰਨ ਬਾਰੇ, ਜੋ ਟਿੱਪਣੀਆਂ ਦਿੱਤੀਆਂ ਹਨ, ਉਸ ਦਾ ਨਰਿੰਦਰ ਮੋਦੀ ਨੂੰ ਖੁੱਲ੍ਹ ਕੇ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਕਿਸਾਨ ਆਗੂ ਭੂਰਾ ਸਿੰਘ ਮਾਨ ਦੀ ਬਰਸੀ ਬੂਝਾ ਸਿੰਘ ਭਵਨ ਮਨਾਉਣ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ 24 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸਮਰਾਲਾ ਵਿਖੇ ਲੈਂਡ ਪੁਲਿੰਗ ਨੀਤੀ, ਪੰਜਾਬ ਦੇ ਪਾਣੀ, ਸਹਿਕਾਰਤਾ ਅਤੇ ਟੈਰਿਫ਼ ਵਧਾਉਣ ਖਿਲਾਫ਼ ਹੋ ਰਹੀ ਰੈਲੀ ਵਿੱਚ ਜਥੇਬੰਦੀ ਦੇ ਵਰਕਰ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ।