ਮੰਡੀਆਂ ਵਿੱਚ ਹੀ ਦੀਵਾਲੀ ਮਨਾਉਣਗੇ ਕਿਸਾਨ
ਜੋਗਿੰਦਰ ਸਿੰਘ ਮਾਨ
ਜਿਹੜੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਵਿਕਣ ਲਈ ਪਿਆ ਹੈ, ਉਨ੍ਹਾਂ ਦੇ ਘਰਾਂ ’ਚ ਇਸ ਵਾਰ ਦੀਵਾਲੀ ਫਿੱਕੀ ਹੀ ਰਹੇਗੀ ਅਤੇ ਤਿਉਹਾਰ ਮੌਕੇ ਉਨ੍ਹਾਂ ਨੂੰ ਮੰਡੀਆਂ ’ਚ ਹੀ ਰਾਤ ਗੁਜ਼ਾਰਨੀ ਪਵੇਗੀ। ਕਿਸਾਨਾਂ ਨੇ ਆਪਣੀ ਜਿਣਸ ਵੇਚਣ ਲਈ ਮਾਲਵਾ ਪੱਟੀ ਦੀਆਂ ਅਨਾਜ ਮੰਡੀਆਂ ’ਚ ਕਈ ਦਿਨਾਂ ਤੋਂ ਡੇਰੇ ਲਾਏ ਹਨ। ਭਲਕੇ ਸੋਮਵਾਰ ਨੂੰ ਦੀਵਾਲੀ ਦਾ ਦਿਨ ਹੋਣ ਦੇ ਬਾਵਜੂਦ ਕਿਸਾਨ ਅੱਜ ਮੰਡੀਆਂ ’ਚ ਬੈਠੇ ਬੋਲੀ ਦੀ ਉਡੀਕ ਕਰ ਰਹੇ ਸਨ ਪਰ ਕਰਮਚਾਰੀ ਅਤੇ ਅਧਿਕਾਰੀ, ਵੱਡੇ ਅਫਸਰਾਂ ਦੇ ਡਰਾਇੰਗ ਰੂਮਾਂ ’ਚ ਬੈਠ ਕੇ ਦੀਵਾਲੀ ਦੀ ਸ਼ੁੱਭਕਾਮਨਾਵਾਂ ਦੇਣ ’ਚ ਮਸਰੂਫ ਰਹੇ।
ਅਨੇਕਾਂ ਖਰੀਦ ਕੇਂਦਰਾਂ ਵਿੱਚ ਕਿਸਾਨ ਆਪਣੇ ਆੜ੍ਹਤੀਆਂ ਨੂੰ ਉਡੀਕ ਰਹੇ ਸਨ ਪਰ ਉਹ ਮੰਡੀਆਂ ’ਚ ਨਜ਼ਰ ਨਾ ਆਏ। ਉਨ੍ਹਾਂ ਦੀ ਗ਼ੈਰਹਾਜ਼ਰੀ ’ਚ ਮੁਨੀਮ ਹੀ ਕਿਸਾਨਾਂ-ਮਜ਼ਦੂਰਾਂ ਨੂੰ ਦੀਵਾਲੀ ਮਨਾਉਣ ਲਈ ‘ਚਾਰ ਛਿੱਲੜ’ ਦੇ ਕੇ ਸਬਰ ਕਰਾ ਰਹੇ ਸਨ। ਇਸ ਵਾਰ ਦੋ ਹਫ਼ਤੇ ਪਹਿਲਾਂ ਦੀਵਾਲੀ ਆਉਣ ਕਾਰਨ ਫ਼ਸਲ ਚੰਗੀ ਹੋਣ ਦੇ ਬਾਵਜੂਦ ਬਾਜ਼ਾਰ ’ਚ ਮੰਦੀ ਦੇ ਰੁਝਾਨ ਨੇ ਜ਼ੋਰ ਫੜਿਆ ਹੋਇਆ ਹੈ।
ਮਾਨਸਾ ਜ਼ਿਲ੍ਹੇ ਦੇ ਤਰਕੀਬਨ 115 ਖਰੀਦ ਕੇਂਦਰਾਂ ਵਿੱਚ ਕਿਸਾਨ ਆਪਣਾ ਝੋਨਾ ਵੇਚਣ ਲਈ ਬੈਠੇ ਹਨ ਪਰ ਸਰਕਾਰ ਦੇ ਸੁਸਤ ਪ੍ਰਬੰਧਾਂ ਕਾਰਨ ਉਹ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਤੋਂ ਵਿਹਲੇ ਨਹੀਂ ਹੋ ਰਹੇ ਹਨ। ਜ਼ਿਲ੍ਹਿਆਂ ਵਿਚਲੀਆਂ ਮੰਡੀਆਂ ਤੋਂ ਇਕੱਤਰ ਵੇਰਵਿਆਂ ਤੋਂ ਪਤਾ ਲੱਗਿਆ ਕਿ ਮੰਡੀਆਂ ’ਚ ਜਿਣਸ ਦੀ ਰਾਖੀ ਪਰਿਵਾਰ ਦੇ ਮੁਖੀ ਹੀ ਕਰ ਰਹੇ ਹਨ, ਹੁਣ ਜਦੋਂ 20 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਤਾਂ ਹੈ ਅਜਿਹੇ ’ਚ ਕਿਸਾਨ ਤਿਉਹਾਰ ਮਨਾਉਣ ਲਈ ਨਾ ਤਾਂ ਘਰ ਜਾ ਸਕਦਾ ਅਤੇ ਨਾ ਹੀ ਉਹ ਜਿਣਸ ਦੀ ਢੇਰੀ ਨੂੰ ਸੁੰਨੀ ਛੱਡ ਸਕਦਾ ਹੈ। ਅੱਧ ਵਿਚਾਲੇ ਫਸੇ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਉਹ ਮੰਡੀਆਂ ’ਚ ਹੀ ਸਰਕਾਰ ਵਿਰੋਧੀ ਦੀਵਾਲੀ ਝੋਨੇ ਦੀਆਂ ਢੇਰੀਆਂ ਉੱਤੇ ਮਨਾਉਣਗੇ।
ਵੱਧ ਤੋਂ ਵੱਧ ਝੋਨਾ ਖਰੀਦਿਆ ਜਾਵੇਗਾ: ਡੀਸੀ
ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਦਾ ਵੱਡੀ ਮਾਤਰਾ ਵਿੱਚ ਝੋਨੇਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਦੀ ਤਕਲੀਫ਼ ਨੂੰ ਸਮਝਦਿਆਂ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸੇ ਦੌਰਾਨ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਨੇ ਮੰਡੀਆਂ ’ਚੋਂ ਖਰੀਦੇ ਝੋਨੇ ਦੀ ਲਿਫਟਿੰਗ ਲਈ ਪੁਖਤਾ ਪ੍ਰਬੰਧ ਕੀਤੇ ਹਨ ਤਾਂ ਕਿ ਪਟਾਕਿਆਂ ਤੇ ਆਤਿਸ਼ਬਾਜ਼ੀ ਕਾਰਨ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਵਪਾਰੀ ਨਰਮੇ ਦੀ ਤੁਲਾਈ ਵਿੱਚ ਰੁੱਝੇ
ਐਤਵਾਰ ਸ਼ਾਮ ਨੂੰ ਮੰਡੀਆਂ ਵਿੱਚ ਜਾ ਕੇ ਵੇਖਣ ’ਤੇ ਪਤਾ ਲੱਗਾ ਕਿ ਕਿਸਾਨਾਂ ਦੇ ਨਰਮੇ ਨੂੰ ਤੋਲਣ ਲਈ ਤਾਂ ਸਰਕਾਰੀ ਤੇ ਪ੍ਰਾਈਵੇਟ ਵਪਾਰੀ ਪੂਰੇ ਰੁੱਝੇ ਹੋਏ ਸਨ ਪਰ ਝੋਨੇ ਦੀਆਂ ਢੇਰੀਆਂ ਤੋਂ ਸਾਰਾ ਦਿਨ ਹੀ ਤੋਲੇ ਅਲੋਪ ਰਹੇ। ਇਹ ਤੋਲੇ ਵੀ ਆਪਣੀ ਦੀਵਾਲੀ ਮਨਾਉਣ ’ਚ ਰੁੱਝੇ ਹੋਏ ਸਨ। ਪਰਵਾਸੀ ਤੋਲੇ ਵੀ ਤਿਉਹਾਰ ਨੂੰ ਲੈ ਕੇ ਦੇਵੀ-ਦੇਵਤਿਆਂ ਦੀ ਮੰਨ-ਮੰਨੌਤ ’ਚ ਪੁੰਨ-ਦਾਨ ਕਰ ਰਹੇ ਸਨ ਜਦਕਿ ਮੰਡੀਆਂ ’ਚ ਬੈਠੇ ਕਿਸਾਨ ਆਪਸ ’ਚ ਗੱਲਬਾਤ ਕਰ ਕੇ ਝੋਰਾ ਜ਼ਾਹਿਰ ਕਰਦੇ ਨਜ਼ਰ ਆਏ।