ਮੁੱਖ ਮੰਤਰੀ ਨੂੰ ਸਵਾਲ ਕਰਨ ਗਏ ਕਿਸਾਨ ਰੋਕੇ
ਮੁੱਖ ਮੰਤਰੀ ਭਗਵੰਤ ਮਾਨ ਦੇ ਅਜਨਾਲਾ ਨੇੜੇ ਪਿੰਡ ਭਲਾ ਦੀ ਗੰਨਾ ਮਿੱਲ ਵਿੱਚ ਅੱਜ ਰੱਖੇ ਪ੍ਰੋਗਰਾਮ ਵਿੱਚ ਪਹੁੰਚਣ ਦੀ ਸੂਚਨਾ ਮਿਲਣ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੇ ਸੱਦੇ ’ਤੇ ਕਿਸਾਨ ਇਕੱਠੇ ਹੋ ਗਏ। ਇਸ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਨਾਲ ਮਿਲਣ ਦਾ ਯਤਨ ਕੀਤਾ ਪਰ ਪੁਲੀਸ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਇਸ ਦੌਰਾਨ ਉਨ੍ਹਾਂ ਨਾਲ ਕਥਿਤ ਧੱਕਾ-ਮੁੱਕੀ ਵੀ ਕੀਤੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੁਲੀਸ ਨਾਲ ਹੋਈ ਗੱਲਬਾਤ ਵਿੱਚ ਤੈਅ ਹੋਇਆ ਸੀ ਕਿ ਕਿਸਾਨ ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੇ ਸਥਾਨ ਤੋਂ ਕੁਝ ਦੂਰੀ ’ਤੇ ਸ਼ਾਂਤਮਈ ਢੰਗ ਨਾਲ ਸੜਕ ਦੇ ਇੱਕ ਪਾਸੇ ਰੁਕਣਗੇ ਅਤੇ ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਪੁੱਛਿਆ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ ਲਗਾਤਾਰ ਸ਼ਾਂਤਮਈ ਢੰਗ ਨਾਲ ਬੈਠੇ ਕਾਫੀ ਸਮਾਂ ਬੀਤਣ ਦੇ ਬਾਵਜੂਦ ਕੋਈ ਸੱਦਾ ਨਹੀਂ ਆਇਆ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਟਾਲ-ਮਟੋਲ ਕਰਕੇ ਸਮਾਂ ਲੰਘਾਉਣ ਵਾਲਾ ਰਵੱਈਆ ਅਪਣਾਉਣ ਦੀ ਕੋਸ਼ਿਸ਼ ਹੁੰਦੀ ਦੇਖ ਕਿਸਾਨ ਰੋਹ ਵਿੱਚ ਆ ਗਏ। ਇਸ ਮੌਕੇ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਖਿੱਚ-ਧੂਹ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਮੁੱਖ ਮੰਤਰੀ ਪਰਤ ਗਏ। ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੀ ਨਿਗੂਣੀ ਮਦਦ ਦਿੱਤੀ ਗਈ ਹੈ, ਜਿਸ ਨਾਲ ਨੁਕਸਾਨ ਦੀ ਭਰਪਾਈ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਇਸੇ ਤਰ੍ਹਾਂ ਕਿਸਾਨਾਂ ਦੇ ਸਵਾਲਾਂ ਤੋਂ ਭੱਜਦੇ ਰਹੇ ਤਾਂ ਆਉਂਦੇ ਦਿਨਾਂ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।