ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਵੱਲੋਂ ਡੱਲੇਵਾਲ ਦੁਆਲੇ ਪਹਿਰਾ ਸਖ਼ਤ

ਸੁਪਰੀਮ ਕੋਰਟ ਨੂੰ ਮਾਮਲੇ ਵਿੱਚ ਭਾਈਵਾਲ ਨਾ ਬਣਨ ਦੀ ਅਪੀਲ
ਢਾਬੀਗੁੱਜਰਾਂ ਬਾਰਡਰ ’ਤੇ ਪਹਿਰਾ ਦਿੰਦੇ ਹੋਏ ਸਾਬਕਾ ਫੌਜੀ।
Advertisement

ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ

ਪਟਿਆਲਾ/ਪਾਤੜਾਂ, 29 ਦਸੰਬਰ

Advertisement

ਕਿਸਾਨੀ ਮੰਗਾਂ ਦੀ ਪੂਰਤੀ ਲਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖਿਆ ਮਰਨ ਵਰਤ ਅੱਜ 34ਵੇਂ ਦਿਨ ਵੀ ਜਾਰੀ ਰਿਹਾ। ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗ ਜਵਾਬ ਦਿੰਦੇ ਜਾ ਰਹੇ ਹਨ। ਉਨ੍ਹਾਂ ਨੂੰ ਪਾਣੀ ਵੀ ਨਹੀਂ ਪਚ ਰਿਹਾ, ਜਿਸ ਕਰਕੇ ਪਾਣੀ ਦੀ ਵਰਤੋਂ ਘਟਾ ਦਿੱਤੀ ਗਈ ਹੈ। ਉਧਰ, ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਸਖ਼ਤ ਹੁਕਮਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਉਨ੍ਹਾਂ ਨੂੰ ਚੁੱਕ ਲਏ ਜਾਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੁਆਲੇ ਪਹਿਰਾ ਸਖ਼ਤ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਮੁੜ ਦੁਹਰਾਇਆ ਕਿ ਪੁਲੀਸ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਡੱਲੇਵਾਲ ਨੂੰ ਚੁੱਕ ਸਕਦੀ ਹੈ।

ਇੱਥੇ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਾਕਾ ਸਿੰਘ ਕੋਟੜਾ, ਸੁਰਜੀਤ ਸਿੰਘ ਫੂਲ ਸਮੇਤ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕੇ ਜਾਣ ਦੀ ਸੂਰਤ ਵਿੱਚ ਨਾ ਸਿਰਫ਼ ਵਾਲੰਟੀਅਰ, ਬਲਕਿ ਕਿਸਾਨ ਆਗੂ ਵੀ ਅੱਗੇ ਹੋ ਕੇ ਲੜਨਗੇ। ਸੁਰਜੀਤ ਫੂਲ ਨੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਅਜਿਹੀ ਕੋਸਿਸ਼ ਹੋਈ ਤਾਂ ਦੋਵਾਂ ਧਿਰਾਂ (ਕਿਸਾਨਾਂ ਤੇ ਪੁਲੀਸ) ਦਾ ਨੁਕਸਾਨ ਹੋ ਸਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਭਾਗੀਦਾਰ ਨਾ ਬਣੇ। ਉਨ੍ਹਾਂ ਕਿਹਾ ਕਿ ਜੇਕਰ ਨੁਕਸਾਨ ਹੋਇਆ ਤਾਂ ਕੇਂਦਰ ਦੇ ਨਾਲ-ਨਾਲ ਸਿਖਰਲੀ ਅਦਾਲਤ ਵੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਆਖ ਚੁੱਕੇ ਹਨ ਕਿ ਉਹ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਲੜ ਰਹੇ ਹਨ। ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਦੀ ਥਾਂ ਕੇਂਦਰ ਨੂੰ ਹਦਾਇਤਾਂ ਜਾਰੀ ਕਰੇ। ਉਧਰ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਲਈ ਸਾਬਕਾ ਫੌਜੀ ਵੀ ਤਾਇਨਾਤ ਕੀਤੇ ਗਏ ਹਨ। ਕਈ ਵਾਲੰਟੀਅਰਾਂ ਨੂੰ ਵਾਕੀ-ਟਾਕੀ ਮੁਹੱਈਆ ਕਰਵਾਏ ਗਏ ਹਨ। ਸੁਰੱਖਿਆ ਏਨੀ ਸਖ਼ਤ ਕੀਤੀ ਗਈ ਹੈ ਕਿ ਹਰੇਕ ਵਿਅਕਤੀ ਨੂੰ ਪੂਰੀ ਸ਼ਨਾਖਤ ਮਗਰੋਂ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕਿ ਪੁਲੀਸ ਅਧਿਕਾਰੀਆਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਅੱਜ ਦੇਰ ਸ਼ਾਮੀ ਦੂਜੀ ਫੇਰੀ ਮੌਕੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਨਾਲ ਕਿਸੇ ਹੋਰ ਪੁਲੀਸ ਮੁਲਾਜ਼ਮ ਨੂੰ ਜਾਣ ਨਹੀਂ ਦਿੱਤਾ ਗਿਆ।

ਡੱਲੇਵਾਲ ਨੂੰ ਮਿਲ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ

ਪਟਿਆਲਾ: ਮੁੱਖ ਮੰਤਰੀ ਭਗਵੰਤ ਮਾਨ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਲਈ 30 ਜਾਂ 31 ਦਸੰਬਰ ਨੂੰ ਢਾਬੀਗੁੱਜਰਾਂ ਬਾਰਡਰ ’ਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਕਿਸਾਨ ਆਗੂ ਦੀ ਸਿਹਤ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਉਧਰ, ਸਿਖਰਲੀ ਅਦਾਲਤ ਦੇ ਸਖ਼ਤ ਹੁਕਮਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੇ ਯਤਨ ਜਾਰੀ ਹਨ। ਪੰਜਾਬ ਸਰਕਾਰ ਵੱਲੋਂ ਸਾਬਕਾ ਏਡੀਜੀਪੀ ਜਸਕਰਨ ਸਿੰਘ, ਡੀਆਈਜੀ ਮਨਦੀਪ ਸਿੱਧੂ ਅਤੇ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਅੱਜ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਢਾਬੀਗੁੱਜਰਾਂ ਬਾਰਡਰ ’ਤੇ ਪੁੱਜੇ। ਉਹ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ।

ਡੱਲੇਵਾਲ ਵੱਲੋਂ ਕਿਸਾਨਾਂ ਨੂੰ ਢਾਬੀਗੁਜਰਾਂ ਬਾਰਡਰ ’ਤੇ ਪੁੱਜਣ ਦੀ ਅਪੀਲ

ਜਗਜੀਤ ਸਿੰਘ ਡੱਲੇਵਾਲ ਨੇ ਵੀਡੀਓ ਸੁਨੇਹਾ ਜਾਰੀ ਕਰ ਕੇ ਕਿਸਾਨਾਂ ਨੂੰ ਢਾਬੀਗੁਜਰਾਂ ਬਾਰਡਰ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹਦਾਇਤ ਦੇ ਚੱੱਲਦਿਆਂ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਮਦਦ ਨਾਲ ਧਾਵਾ ਬੋਲ ਕੇ ਉਨ੍ਹਾਂ ਨੂੰ ਚੁੱਕਣ ਦੀ ਤਿਆਰੀ ਕਰਨ ਦਾ ਪਤਾ ਲੱਗਾ ਹੈ। ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਢਾਬੀਗੁੱਜਰਾਂ ਬਾਰਡਰ ’ਤੇ ਪਹੁੰਚਣ। ਉਧਰ ਸਾਬਕਾ ਏਡੀਜੀਪੀ ਜਸਕਰਨ ਸਿੰਘ ਵੱਲੋਂ ਡੱਲੇਵਾਲ਼ ਨੂੰ ਟਰੀਟਮੈਂਟ ਲੈਣ ਲਈ ਮਨਾਉਣ ਸਬੰਧੀ ਕੀਤੀਆਂ ਗਈਆਂ ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ।

Advertisement
Show comments