ਕਿਸਾਨਾਂ ਵੱਲੋਂ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਧਰਨਾ
ਕਰਮਜੀਤ ਸਿੰਘ ਚਿੱਲਾ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ ਇੱਥੇ ਫੇਜ਼ ਅੱਠ ਵਿਚਲੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਿਭਾਗੀ ਅਧਿਕਾਰੀ ਪੰਜਾਬ ਵਿੱਚ ਸਰਪੰਚਾਂ ਅਤੇ ਪੰਚਾਇਤਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਮੁਅੱਤਲ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਟਾਲਾਂ ਅਤੇ ਰਾਣਵਾਂ ਦੇ ਸਰਪੰਚਾਂ ਨੂੰ ਬਿਨਾਂ ਕਾਰਨ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਐਗਰੋ, ਮੁਹਾਲੀ ਦੀ ਆਧੁਨਿਕ ਫਲ ਅਤੇ ਸਬਜ਼ੀ ਮੰਡੀ ਅਤੇ ਪੰਚਾਇਤਾਂ ਦੀਆਂ ਜ਼ਮੀਨਾਂ ਨੂੰ ਵੇਚਣ ਦੇ ਰਾਹ ਪੈ ਗਈ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਅਜਿਹਾ ਨਹੀਂ ਹੋਣ ਦੇਵੇਗਾ। ਅੱਜ ਇਹ ਸੰਕੇਤਕ ਧਰਨਾ ਸੀ ਅਤੇ ਜੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਕਾਰਨ ਤੋਂ ਮੁਅੱਤਲ ਕੀਤੀਆਂ ਪੰਚਾਇਤਾਂ ਅਤੇ ਸਰਪੰਚਾਂ ਨੂੰ ਬਹਾਲ ਨਾ ਕੀਤਾ, ਪੰਚਾਇਤਾਂ ਕੋਲੋਂ ਜ਼ਮੀਨਾਂ ਵੇਚਣ ਲਈ ਪੰਚਾਇਤੀ ਜ਼ਮੀਨਾਂ ਦਾ ਰਿਕਾਰਡ ਮੰਗਣ ਦੀ ਕਾਰਵਾਈ ਬੰਦ ਨਾ ਕੀਤੀ ਤਾਂ ਐੱਸ ਕੇ ਐੱਮ ਜਲਦੀ ਹੀ ਇਸ ਖ਼ਿਲਾਫ਼ ਵੱਡਾ ਮੋਰਚਾ ਲਗਾਉਣ ਤੋਂ ਗੁਰੇਜ਼ ਨਹੀਂ ਕਰੇਗਾ।
ਰਾਜੇਵਾਲ ਨੇ ਕਿਹਾ ਕਿ ਗ਼ੈਰ ਤਜਰਬੇਕਾਰ ਲੋਕਾਂ ਦੇ ਹੱਥਾਂ ਵਿੱਚ ਸਰਕਾਰ ਆਉਣ ਨਾਲ ਪੰਜਾਬ ਚਾਰ ਲੱਖ 88 ਹਜ਼ਾਰ ਕਰੋੜ ਰੁਪਏ ਦਾ ਕਰਜ਼ਈ ਹੋ ਗਿਆ ਹੈ ਅਤੇ ਹਰ ਮਹੀਨੇ ਲਏ ਜਾ ਰਹੇ ਕਰਜ਼ੇ ਕਾਰਨ 2027 ਤੱਕ ਪੰਜਾਬ ਸਿਰ ਪੰਜ ਲੱਖ ਕਰੋੜ ਤੋਂ ਵੱਧ ਕਰਜ਼ਾ ਹੋ ਜਾਵੇਗਾ। ਇਸ ਮੌਕੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਕਰਨ ਬਾਅਦ ਸ੍ਰੀ ਰਾਜੇਵਾਲ ਨਾਖ਼ੁਸ਼ ਨਜ਼ਰ ਆਏ। ਇਸ ਮੌਕੇ ਪਰਮਿੰਦਰ ਸਿੰਘ ਚਲਾਕੀ, ਸੁਖਵਿੰਦਰ ਸਿੰਘ ਮਾਛੀਵਾੜਾ, ਗੁਰਮੀਤ ਸਿੰਘ ਕਪਿਆਲ, ਪਰਮਦੀਪ ਸਿੰਘ ਬੈਦਵਾਣ, ਤੇਜਿੰਦਰ ਸਿੰਘ ਪੂਨੀਆ, ਸੰਤੋਖ ਸਿੰਘ ਨਵਾਂ ਸ਼ਹਿਰ, ਮਨਪ੍ਰੀਤ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਪਲਹੇੜੀ ਤੇ ਮਨਦੀਪ ਸਿੰਘ ਜਲੰਧਰ ਹਾਜ਼ਰ ਸਨ।