ਵੜਿੰਗ ਟੌਲ ਪਲਾਜ਼ਾ ’ਤੇ ਕਿਸਾਨਾਂ ਨੇ ਮੁੜ ਲਾਇਆ ਧਰਨਾ
ਟੌਲ ਪਲਾਜ਼ਾ ਬੰਦ ਕਰਨ ਦੀ ਕੀਤੀ ਮੰਗ; ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
Advertisement
ਪਿੰਡ ਵੜਿੰਗ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਟੌਲ ਪਲਾਜ਼ਾ ਬੰਦ ਕਰਵਾਉਣ ਦੀ ਮੰਗ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਧਰਨਾ ਲਗਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਦੂਜੇ ਪਾਸੇ ਟੌਲ ਪਲਾਜ਼ਾ ਦੇ ਹੱਕ ’ਚ ਪਿੰਡ ਵੜਿੰਗ ਵਾਸੀਆਂ ਕਿਸਾਨਾਂ ਦਾ ਵਿਰੋਧ ਜਿਤਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬੱਚੇ ਟੌਲ ਪਲਾਜ਼ਾ ’ਤੇ ਕੰਮ ਕਰਦੇ ਹਨ ਤੇ ਉਨ੍ਹਾਂ ਰੁਜ਼ਗਾਰ ਮਿਲਿਆ ਹੋਇਆ ਹੈ, ਇਸ ਲਈ ਇਹ ਟੌਲ ਪਲਾਜ਼ਾ ਬੰਦ ਨਹੀਂ ਕਰਨ ਦਿੱਤਾ ਜਾਵੇਗਾ। ਇਸ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਨਵੀਨ ਕੁਮਾਰ ਪੁਲੀਸ ਫੋਰਸ ਸਣੇ ਮੌਕੇ ’ਤੇ ਪਹੁੰਚੇ। ਇਸੇ ਦੌਰਾਨ ਧੱਕਾ ਮੁੱਕੀ ’ਚ ਇਕ ਪੱਤਰਕਾਰ ਨਾਲ ਦੁਰਵਿਵਹਾਰ ਕੀਤਾ ਗਿਆ। ਕਿਸਾਨ, ਟੌਲ ਪਲਾਜ਼ਾ ਮੁਲਾਜ਼ਮ ਤੇ ਪਿੰਡ ਵੜਿੰਗ ਵਾਸੀ ’ਚ ਕਾਫ਼ੀ ਕਹਾ-ਸੁਣੀ ਹੋਈ ਤੇ ਪੁਲੀਸ ਨੇ ਥੋੜੀ ਸਖ਼ਤੀ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ।
Advertisement
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਪੱਕੇ ਤੌਰ ’ਤੇ ਧਰਨਾ ਲਗਾ ਕੇ ਟੌਲ ਬੰਦ ਕਰ ਦਿੱਤਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਟੌਲ ਪਲਾਜ਼ਾ ਜਦੋਂ ਤੱਕ ਨਹਿਰਾਂ ਵਾਲਾ ਪੁਲ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਚੱਲਣ ਨਹੀਂ ਦਿੱਤਾ ਜਾਵੇਗਾ।
ਮੈਨੇਜਰ ਨੇ ਕਿਸਾਨ ਜਥੇਬੰਦੀ ’ਤੇ ਮਨਮਾਨੀ ਦੇ ਦੋਸ਼ ਲਾਏ
ਟੌਲ ਪਲਾਜ਼ਾ ਦੇ ਮੈਨੇਜਰ ਜਤਿੰਦਰ ਕੁਮਾਰ ਪਟੇਲ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਦਾ ਡੀਸੀ ਮੁਕਤਸਰ ਨਾਲ ਸਮਝੌਤਾ ਹੋ ਗਿਆ ਸੀ ਤੇ ਦੋ ਮਹੀਨਿਆਂ ਬਾਅਦ ਪੁਲ ਦਾ ਕੰਮ ਸ਼ੁਰੂ ਕਰਨਾ ਸੀ ਜੋ ਕਿ ਅਮਲ ਵਿੱਚ ਲਿਆਂਦਾ ਵੀ ਜਾ ਰਿਹਾ ਹੈ। ਸੜਕ ਬਣਾਉਣ ਦੇ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਫਿਰ ਵੀ ਕਿਸਾਨ ਯੂਨੀਅਨ ਆਪਣੀ ਮਨਮਾਨੀ ਕਰ ਰਹੀ ਹੈ।
Advertisement