ਕਿਸਾਨਾਂ ਨੇ ਮਾਲ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ
ਇਥੇ ਕਸਬਾ ਪਨਖੂਹ ਵਿੱਚ ਕਰਵਾਏ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਵਾਪਸੀ ਵੇਲੇ ਭੰਗਾਲਾ ਵਿੱਚ ਕਿਸਾਨ-ਮਜ਼ਦੂਰ ਹਿੱਤਕਾਰੀ ਸਭਾ ਦੇ ਕੁਰਕੁਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਸ੍ਰੀ ਮੁੰਡੀਆਂ ਪਨਖੂਹ ਤੋਂ ਵਾਪਸੀ ਮੌਕੇ ਆਪਣੇ ਪੁਰਾਣੇ ਪਿੰਡ ਹਯਾਤਪੁਰ ਹੋ ਕੇ ਵਾਪਸ ਚੰਡੀਗੜ੍ਹ ਜਾ ਰਹੇ ਸਨ। ਇਸ ਪ੍ਰਦਰਸ਼ਨ ਦੀ ਅਗਵਾਈ ਸਭਾ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜ਼ੋਨ ਪ੍ਰਧਾਨ ਕੁਲਵਿੰਦਰ ਸਿੰਘ ਮੰਜਪੁਰ, ਜ਼ੋਨ ਪ੍ਰਧਾਨ ਰਾਜਿੰਦਰ ਸਿੰਘ ਪੰਡੋਰੀ, ਜ਼ੋਨ ਪ੍ਰਧਾਨ ਨਰਿੰਦਰ ਸਿੰਘ ਨਾਹਰਪੁਰ ਅਤੇ ਇਕਾਈ ਪ੍ਰਧਾਨ ਮਾਸਟਰ ਰਵਿੰਦਰ ਸਿੰਘ ਕੁੱਲੀਆਂ ਨੇ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰਦੀਪ ਸਿੰਘ ਮੁੰਡੀਆਂ ਪੰਜਾਬ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਹਮਾਇਤੀ ਬਣ ਕੇ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਪੱਖੀ ਦੱਸ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲੈਂਦੀ, ਉਦੋਂ ਤੱਕ ‘ਆਪ’ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਕਾਲੀਆਂ ਝੰਡੀਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ ਨਾਹਰਪੁਰ, ਜਸਪਾਲ ਸਿੰਘ ਕੁੱਲੀਆਂ, ਤਰਸੇਮ ਸਿੰਘ ਸੇਮਾ, ਸਰਵਣ ਸਿੰਘ, ਤਰਨ ਸੈਣੀ, ਨੰਦ ਸਿੰਘ ਆਦਿ ਹਾਜ਼ਰ ਸਨ।