ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਦੀ ਮੁੜ ਭਵਿੱਖਬਾਣੀ ਨੇ ਕਿਸਾਨਾਂ ਦੇ ਸਾਹ ਸੂਤੇ 

ਪਰਾਲੀ ਸਾੜਨ ਦੇ ਮਾਮਲੇ ਘਟੇ, ਕੁਝ ਨੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਕਾਹਲੀ ’ਚ ਝੋਨਾ ਵੱਢਿਆ
Advertisement

ਮੌਸਮ ਵਿਭਾਗ ਵੱਲੋਂ ਕੀਤੀ ਗਈ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਨੇ ਪੰਜਾਬ ਦੇ ਕਿਸਾਨਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ। ਇਸ ਦੌਰਾਨ ਜਿੱਥੇ ਕੁਝ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਆਪਣੀ ਝੋਨੇ ਦੀ ਫ਼ਸਲ ਦੀ ਕਟਾਈ ਲਈ ਕਾਹਲੀ ਕੀਤੀ, ਉੱਥੇ ਹੀ ਕਈਆਂ ਨੇ ਮੌਸਮ ਦੇ ਸਥਿਰ ਹੋਣ ਦੀ ਉਮੀਦ ਵਿੱਚ 15 ਅਕਤੂਬਰ ਤੋਂ ਬਾਅਦ ਤੱਕ ਉਡੀਕ ਕਰਨ ਦਾ ਫ਼ੈਸਲਾ ਕੀਤਾ ਹੈ।

ਸੂਬੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਹਵਾ ਗੁਣਵੱਤਾ ਸੂਚਕਾਂਕ (AQI) ਤਸੱਲੀਬਖ਼ਸ਼ ਬਣਿਆ ਹੋਇਆ ਹੈ।

Advertisement

ਅਧਿਕਾਰੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਦਾ ਕਾਰਨ ਝੋਨੇ ਦੀ ਰਹਿੰਦ-ਖੂੰਹਦ ਦੇ 'ਇਨ-ਸਿਟੂ' (ਖੇਤ ਵਿੱਚ ਹੀ) ਅਤੇ 'ਐਕਸ-ਸਿਟੂ' (ਖੇਤ ਤੋਂ ਬਾਹਰ) ਪ੍ਰਬੰਧਨ ਵਿੱਚ ਹੋਏ ਵਾਧੇ ਨੂੰ ਮੰਨਦੇ ਹਨ।

ਦੂਜੇ ਪਾਸੇ ਮੀਂਹ ਦੀ ਭਵਿੱਖਬਾਣੀ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਇੱਕ ਖੇਤੀਬਾੜੀ ਮਾਹਿਰ ਨੇ ਕਿਹਾ ਕਿ ਇਸ ਸਮੇਂ ਮੀਂਹ ਝੋਨੇ ਦੀ ਫ਼ਸਲ ਲਈ ਢੁਕਵਾਂ ਨਹੀਂ ਹੈ ਅਤੇ ਇਹ ਵਾਢੀ ਦੇ ਕੰਮ ਵਿੱਚ ਦੇਰੀ ਕਰ ਸਕਦਾ ਹੈ। ਮਾਹਿਰ ਨੇ ਕਿਹਾ, ‘‘ਕਿਉਂਕਿ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੀ ਫ਼ਸਲ ਬੀਜਣ ਲਈ ਉੱਤਮ ਮੰਨਿਆ ਜਾਂਦਾ ਹੈ, ਇਸ ਲਈ ਝੋਨੇ ਦੀ ਵਾਢੀ ਵਿੱਚ ਦੇਰੀ ਹੋਣ ਨਾਲ ਕਿਸਾਨਾਂ ਨੂੰ ਫ਼ਸਲ ਕੱਟਣ, ਵੇਚਣ ਅਤੇ ਫਿਰ ਖੇਤ ਤਿਆਰ ਕਰਨ ਲਈ ਘੱਟ ਸਮਾਂ ਮਿਲੇਗਾ, ਜਿਸ ਨਾਲ ਅਖੀਰ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ।’’

ਪਟਿਆਲਾ ਵਿੱਚ ਫੀਲਡ ਦੌਰੇ 'ਤੇ ਆਏ ਖੇਤੀਬਾੜੀ ਵਿਭਾਗ ਦੇ ਇੱਕ ਮਾਹਿਰ ਨੇ ਕਿਹਾ, ‘‘ਮੀਂਹ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਸਕਦੀ ਹੈ, ਜਿਸ ਨਾਲ ਵਾਢੀ ਵਿੱਚ ਹੋਰ ਦੇਰੀ ਹੋਵੇਗੀ। ਜਲਦੀ ਵਾਢੀ ਕਰਨ ਨਾਲ ਵੀ ਝੋਨੇ ਦੇ ਦਾਣੇ ਵਿੱਚ ਨਮੀ ਜ਼ਿਆਦਾ ਹੋ ਸਕਦੀ ਹੈ। ਖਰੀਦ ਏਜੰਸੀਆਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੀਆਂ ਹਨ ਕਿ ਉਹ 17 ਫੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਨੂੰ ਸਵੀਕਾਰ ਨਹੀਂ ਕਰਨਗੀਆਂ। ਇਸ ਲਈ, ਇਹ ਅਖੀਰ ਵਿੱਚ ਖਰੀਦ ਅਤੇ ਲਿਫਟਿੰਗ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ।’’

ਅਕਤੂਬਰ 6-7 ਲਈ ਕੀਤੀ ਗਈ ਭਵਿੱਖਬਾਣੀ ਵਿੱਚ ਪੰਜਾਬ ਅਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਰਾਵੀ ਅਤੇ ਬਿਆਸ ਦਰਿਆਵਾਂ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਂਹ ਸ਼ਾਮਲ ਹੈ, ਜਿਸ ਕਾਰਨ ਸੂਬਾ ਸਰਕਾਰ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਅਰਾਈਆਂ ਮਾਜਰਾ ਪਿੰਡ ਦੇ ਕਿਸਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਉਹ ਵਾਢੀ ਲਈ ਇੰਤਜ਼ਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, "ਮੇਰੀ ਫ਼ਸਲ ਅਜੇ ਤਿਆਰ ਨਹੀਂ ਹੈ, ਅਤੇ ਮੇਰੇ ਕੋਲ ਇਸ ਨੂੰ ਸਟੋਰ ਕਰਨ ਲਈ ਕੋਈ ਥਾਂ ਨਹੀਂ ਹੈ। ਮੈਂ ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਵਾਢੀ ਕਰਾਂਗਾ।’’

ਪਰਾਲੀ ਸਾੜਨ ਦੇ 95 ਮਾਮਲਿਆਂ ਵਿੱਚ 53 ਐੱਫਆਈਆਰ ਦਰਜ

2 ਅਕਤੂਬਰ ਤੱਕ ਪਰਾਲੀ ਸਾੜਨ ਦੇ ਕੁੱਲ 95 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ 95 ਮਾਮਲਿਆਂ ਵਿੱਚ 2.45 ਲੱਖ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਹੈ, ਜਿਸ ਵਿੱਚੋਂ 1.90 ਲੱਖ ਰੁਪਏ ਵਸੂਲ ਕੀਤੇ ਗਏ ਹਨ। ਪੁਲੀਸ ਨੇ ਕਾਨੂੰਨੀ ਹੁਕਮਾਂ ਦੀ ਉਲੰਘਣਾ ਕਰਨ ਲਈ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 223 ਤਹਿਤ 53 ਐਫਆਈਆਰ ਵੀ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 23 ਅੰਮ੍ਰਿਤਸਰ ਵਿੱਚ ਹਨ।

ਮਾਲ ਵਿਭਾਗ ਨੇ ਉਲੰਘਣਾ ਕਰਨ ਵਾਲਿਆਂ ਦੇ ਜ਼ਮੀਨੀ ਰਿਕਾਰਡ ਵਿੱਚ 35 "ਲਾਲ ਐਂਟਰੀਆਂ" ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 24 ਅੰਮ੍ਰਿਤਸਰ ਵਿੱਚ ਹਨ। ਇੱਕ ਲਾਲ ਐਂਟਰੀ ਕਿਸਾਨਾਂ ਨੂੰ ਕਰਜ਼ੇ ਲੈਣ, ਜ਼ਮੀਨ ਗਿਰਵੀ ਰੱਖਣ ਜਾਂ ਵੇਚਣ ਅਤੇ ਹਥਿਆਰਾਂ ਦੇ ਲਾਇਸੈਂਸ ਪ੍ਰਾਪਤ ਕਰਨ ਤੋਂ ਰੋਕਦੀ ਹੈ।

Advertisement
Show comments