ਹਾਂਸੀ-ਬੁਟਾਣਾ ਨਹਿਰ ਦੇ ਮਸਲੇ ’ਤੇ ਕਿਸਾਨਾਂ ਦਾ ਧਰਨਾ ਮੁਲਤਵੀ
ਕੇਂਦਰੀ ਮੰਤਰੀ ਖੜਸੇ ਵੱਲੋਂ ਹਡ਼੍ਹਾਂ ਦੀ ਸਮੱਸਿਆ ਦੇ ਪੱਕੇ ਹੱਲ ਦਾ ਭਰੋਸਾ
Advertisement
ਹਾਂਸੀ-ਬੁਟਾਣਾ ਨਹਿਰ ਦੇ ਵਿਵਾਦਤ ਮਸਲੇ ’ਤੇ ਪੰਜਾਬ ਤੇ ਹਰਿਆਣਾ ਦੀ ਹੱਦ ਉੱਤੇ ਪੈਂਦੇ ਇਲਾਕੇ ਦੇ ਕਿਸਾਨਾਂ ਵੱਲੋਂ ਧਰਮਹੇੜੀ ’ਚ ਲਾਇਆ ਪੱਕਾ ਸਾਂਝਾ ਮੋਰਚਾ ਅੱਜ ਕੇਂਦਰੀ ਮੰਤਰੀ ਰਕਸ਼ਾ ਨਿਖਿਲ ਖੜਸੇ ਦੇ ਭਰੋਸੇ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਨੇ ਹੜ੍ਹ ਪੀੜਤ ਸੰਘਰਸ਼ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਹਾਂਸੀ-ਬੁਟਾਣਾ ਨਹਿਰ ਦਾ ਅੰਤਰ-ਰਾਜੀ ਮਸਲਾ ਪੱਕੇ ਤੌਰ ਉੱਤੇ ਹੱਲ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਖ਼ਰਾਬ ਹੋ ਰਹੀ ਫ਼ਸਲ ਦੇ ਮਾਮਲੇ ’ਤੇ ਅੱਠ ਦਿਨਾਂ ਤੋਂ ਪਿੰਡ ਧਰਮਹੇੜੀ ਵਿੱਚ ਧਰਨਾ ਚੱਲ ਰਿਹਾ ਸੀ। ਇੱਥੇ ਪੁੱਜੀ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਕਿਸਾਨਾਂ ਦੀ ਫ਼ਸਲ ਜਾਂ ਇੱਕ ਰਾਜ ਦਾ ਨਹੀਂ, ਸਗੋਂ ਪੰਜਾਬ ਅਤੇ ਹਰਿਆਣਾ ਦੋਵਾਂ ਦਾ ਸਾਂਝਾ ਹੈ। ਇਸ ਲਈ ਕੇਂਦਰ ਦੋਵਾਂ ਸੂਬਿਆਂ ਦੇ ਨੁਮਾਇੰਦਿਆਂ ਨੂੰ ਇਕੱਠਾ ਕਰ ਕੇ ਇਸ ਦਾ ਪੱਕਾ ਹੱਲ ਕਰਾਉਣ ਲਈ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਮਾਰਕੰਡਾ, ਟਾਂਗਰੀ ਅਤੇ ਘੱਗਰ ਦਾ ਠੀਕ ਪ੍ਰਬੰਧ ਨਾ ਹੋਣ ਕਾਰਨ ਹੜ੍ਹ ਦੀ ਸਮੱਸਿਆ ਵਧ ਰਹੀ ਹੈ।
ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਆਸ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਦੋਵਾਂ ਸੂਬਿਆਂ ਦਾ ਸਾਂਝਾ ਮਸਲਾ ਹੱਲ ਕਰਵਾਉਣਗੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਹੜ੍ਹ ਦੀ ਮਾਰ ਝੱਲ ਰਹੇ ਇਲਾਕਿਆਂ ਦਾ ਹੱਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਇਲਾਕਾ ਆਰਥਿਕ ਤੌਰ ’ਤੇ ਕਮਜ਼ੋਰ ਪੈ ਰਿਹਾ ਹੈ।
Advertisement
ਸੰਘਰਸ਼ ਕਮੇਟੀ ਦੇ ਆਗੂ ਤੇ ਸਾਬਕਾ ਸਰਪੰਚ ਹਰਚਰਨ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਿਸਾਨ ਹੜ੍ਹ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ।
Advertisement