ਝੋਨੇ ਦੀ ਫ਼ਸਲ ’ਤੇ ਨਮੀ ਦੇ ਨਾਂ ਉੱਤੇ ਕੱਟ ਖ਼ਿਲਾਫ਼ ਨਿੱਤਰੇ ਕਿਸਾਨ
ਜਗਜੀਤ ਸਿੰਘ
ਮੰਡੀਆਂ ਵਿੱਚ ਨਮੀ ਦੇ ਨਾਮ ’ਤੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਲਗਾਏ ਜਾਣ ਵਾਲੇ ਕੱਟ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਭੰਗਾਲਾ ਦੀ ਦਾਣਾ ਮੰਡੀ ਵਿੱਚ ਮਹਾਪੰਚਾਇਤ ਕਰਕੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਮਨਜੀਤ ਸਿੰਘ ਰਾਏ ਅਤੇ ਅਮਰਜੀਤ ਸਿਘ ਰੜ੍ਹਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਹੜ੍ਹਾਂ ਕਾਰਨ ਵਿੱਤੀ ਮਾਰ ਝੱਲ ਰਿਹਾ ਹੈ ਅਤੇ ਪਿਛਲੀ ਵਾਰ ਵਾਂਗ ਜੇ ਇਸ ਵਾਰ ਵੀ ਫਸਲ ਨੂੰ ਮੰਡੀਆਂ ਵਿੱਚ ਕੱਟ ਲਗਾਇਆ ਜਾਂਦਾ ਹੈ ਤਾਂ ਹਰ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੌਰਾਨ ਸੂਬੇ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਰਿਹਾਇਸ਼ ਦੇ ਘਿਰਾਓ ਤੇ ਹਾਈਵੇਅ ਜਾਮ ਕਰਨ ਵਰਗੇ ਫ਼ੈਸਲੇ ਲਏ ਜਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਜਿਣਸ ਸੁਕਾ ਕੇ ਲਿਆਉਣ।
ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਮੰਡੀਆਂ ਵਿੱਚ ਲੁੱਟ ਰੋਕਣ ਲਈ ਮੰਡੀ ਪੱਧਰ ਦੀਆਂ ਕਮੇਟੀਆਂ ਗਠਿਤ ਕਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ ਤਾਂ ਜੋ ਇਹ ਮਸਲੇ ਮੰਡੀ ਪੱਧਰ ’ਤੇ ਹੀ ਨਜਿੱਠੇ ਜਾ ਸਕਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਸੁਚਾਰੂ ਖਰੀਦ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਨਮੀ ਚੈੱਕ ਕਰਨ ਲਈ ਲੋੜੀਂਦਾ ਸਟਾਫ ਤਾਇਨਾਤ ਕੀਤਾ ਜਾਵੇ। ਇਸ ਮੌਕੇ ਬਾਪੂ ਬਲਕਾਰ ਸਿੰਘ ਮੱਲ੍ਹੀ, ਗੁਰਨਾਮ ਸਿੰਘ ਜਹਾਨਪੁਰ, ਅਵਤਾਰ ਸਿੰਘ ਬੌਬੀ, ਜਗਦੀਸ਼ ਸਿੰਘ ਰਾਜਾ, ਬਲਕਾਰ ਸਿੰਘ ਮੱਲੀ, ਵਿਜੈ ਬਹਿਬਲਮੰਜ, ਗੁਰਨਾਮ ਸਿੰਘ ਜਹਾਨਪੁਰ, ਓਂਕਾਰ ਸਿੰਘ ਪੁਰਾਣਾ ਭੰਗਾਲਾ, ਹਰਦੀਪ ਸਿੰਘ ਭਾਗੜਾਂ, ਅਵਤਾਰ ਸਿੰਘ ਬੌਬੀ, ਜਗਦੇਵ ਭੱਟੀਆਂ, ਰੌਸ਼ਨ ਖਾਂ, ਅਰਜੁਨ ਕਜਲਾ, ਸੌਰਵ ਬਿੱਲਾ, ਸ਼ਮਿੰਦਰ ਸਿੰਘ ਛੰਨੀਨੰਦ ਸਿੰਘ, ਕੁਲਵਿੰਦਰ ਸਿੰਘ ਮੰਜਪੁਰ, ਸੁਰਜੀਤ ਬਿੱਲਾ, ਹਰਜੀਤ ਟੀਟਾ, ਬਲਜੀਤ ਸਿੰਘ ਨੀਟਾ, ਅਜਾਇਬ ਸਿੰਘ, ਸਤੀਸ਼ ਪਠਾਨੀਆ ਨੇ ਸੰਬੋਧਨ ਕੀਤਾ।
ਝੋਨੇ ਵਿੱਚ ਨਮੀ ਦੀ ਮਾਤਰਾ 20 ਫੀਸਦੀ ਕੀਤੀ ਜਾਵੇ: ਰਾਏ
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਭਲਕੇ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਝੋਨੇ ਦੀ ਕਿਸਮ ਅਨੁਸਾਰ ਨਮੀ ਦੀ ਮਾਤਰਾ 19-20 ਫ਼ੀਸਦੀ ਤੈਅ ਕੀਤੀ ਜਾਵੇ ਕਿਉਂਕਿ ਹੜ੍ਹਾਂ ਕਾਰਨ ਜ਼ਮੀਨ ਵਿੱਚੋਂ ਨਮੀ ਨਹੀਂ ਜਾਣੀ ਅਤੇ ਇਸ ਦਾ ਸਿੱਧਾ ਅਸਰ ਦਾਣੇ ਵਿੱਚ ਨਮੀ ਦੀ ਮਾਤਰਾ ’ਤੇ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਨਮੀ ਦੀ ਮਾਤਰਾ ਵਧਾਉਣ ਕਾਰਨ ਸ਼ੈੱਲਰ ਮਾਲਕਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੇਂਦਰ ਜਾਂ ਰਾਜ ਸਰਕਾਰ ਆਪਣੇ ਪੱਧਰ ’ਤੇ ਕਰੇ।