ਕਿਸਾਨ ਜਥੇਬੰਦੀਆਂ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗ
ਗੰਨੇ ਦੀ 133 ਕਰੋੜ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਮੰਗ, ਵਿੱਤ ਮੰਤਰੀ ਨੇ ਹਫ਼ਤੇ ਅੰਦਰ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿਵਾਇਆ
Advertisement
ਦੋਆਬਾ ਤੇ ਮਾਝਾ ਖੇਤਰ ਦੀਆਂ ਕਿਸਾਨ ਜਥੇਬੰਦੀਆ ਵੱਲੋਂ ਸਰਕਾਰ ਵੱਲ ਬਕਾਇਆ ਖੜ੍ਹੀ ਗੰਨੇ ਦੀ ਸਬਸਿਡੀ ਦੀ 133 ਕਰੋੜ ਰੁਪਏ ਦੀ ਰਾਸ਼ੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਬਾਬਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ ਗਈ।
ਚੰਡੀਗੜ੍ਹ ਸਕੱਤਰੇਤ ਵਿਖੇ ਹੋਈ ਇਸ ਮੀਟਿੰਗ ਬਾਰੇ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਸੂਬਾ ਸਰਕਾਰ ਵੱਲੋਂ ਗੰਨੇ ਦੀ ਸਬਸਿਡੀ ਵਾਲੀ 61 ਰੁਪਏ ਪ੍ਰਤੀ ਕੁਇੰਟਲ ਵਾਲੀ 133 ਕਰੋੜ ਦੀ ਰਾਸ਼ੀ ਹਾਲੇ ਤਕ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ। ਪ੍ਰਾਈਵੇਟ ਖੰਡ ਮਿੱਲਾਂ ਵੱਲ ਵੀ ਵਰ੍ਹਾ 2024-2025 ਦਾ ਬਕਾਇਆ ਖੜ੍ਹਾ ਹੈ। ਅਮਲੋਹ ਖੰਡ ਮਿੱਲ ਵੱਲ 1 ਕਰੋੜ, ਦਸੂਹਾ ਖੰਡ ਮਿੱਲ ਵੱਲ 26 ਕਰੋੜ, ਫਗਵਾੜਾ ਮਿੱਲ ਵੱਲ 9 ਕਰੋੜ, ਮੁਕੇਰੀਆਂ ਮਿੱਲ ਵੱਲ 31 ਕਰੋੜ, ਰਾਣਾ ਸ਼ੂਗਰ ਮਿੱਲ 32 ਕਰੋੜ ਅਤੇ ਕੀੜੀ ਖੰਡ ਮਿੱਲ ਵੱਲ 30 ਕਰੋੜ ਬਕਾਇਆ ਰਾਸ਼ੀ ਖੜ੍ਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹੜ੍ਹਾਂ ਕਾਰਨ ਤਬਾਹ ਹੋਈ ਗੰਨੇ ਦੀ ਫਸਲ ਦਾ ਮੁਆਵਜ਼ਾ 20 ਹਜ਼ਾਰ ਤੋਂ ਵਧਾਇਆ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿਵਾਇਆ ਕਿ ਗੰਨੇ ਦੀ ਸਬਸੀਡੀ ਰਾਸ਼ੀ ਇੱਕ ਹਫ਼ਤੇ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ ਅਤੇ ਬਾਕੀ ਮਸਲਿਆਂ ਉੱਤੇ ਵੀ ਜਲਦ ਵਿਚਾਰ ਕੀਤਾ ਜਾਵੇਗਾ।
Advertisement
Advertisement