ਮਾਲਵਾ ਪੱਟੀ ’ਚ ਕਿਸਾਨਾਂ ਨੇ ਮੰਡੀਆਂ ’ਚ ਕੱਟੀ ਦੀਵਾਲੀ ਦੀ ਰਾਤ
ਮਾਲਵਾ ਪੱਟੀ ਵਿਚ ਕਈ ਕਿਸਾਨਾਂ ਨੇ ਐਤਕੀਂ ਦੀਵਾਲੀ ਦੀ ਰਾਤ ਆਪਣੀਆਂ ਜਿਣਸਾਂ ਦੀਆਂ ਢੇਰੀਆਂ ’ਤੇ ਗੁਜ਼ਾਰੀ। ਮਾਨਸਾ ਜ਼ਿਲ੍ਹੇ ਦੀਆਂ 118 ਅਨਾਜ ਮੰਡੀਆਂ ਤੋਂ ਇਕੱਤਰ ਅੰਕੜਿਆਂ ਅਨੁਸਾਰ ਦਰਜਨਾਂ ਖਰੀਦ ਕੇਂਦਰਾਂ ਵਿੱਚ ਦੀਵਾਲੀ ਵਾਲੇ ਦਿਨ ਝੋਨੇ ਦਾ ਦਾਣਾ ਵੀ ਨਹੀਂ ਖਰੀਦਿਆ ਗਿਆ ਅਤੇ ਨਾ ਹੀ ਪਹਿਲਾਂ ਤੋਂ ਬੋਲੀ ਲੱਗੇ ਝੋਨੇ ਦੀ ਤੁਲਾਈ ਹੋਈ। ਜ਼ਿਲ੍ਹਾ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਕਿਸਾਨਾਂ ਦਾ ਸੁੱਕਾ ਝੋਨਾ ਕਈ ਦਿਨਾਂ ਤੋਂ ਮੰਡੀਆਂ ਵਿੱਚ ਪਿਆ ਹੈ, ਉਨ੍ਹਾਂ ਦਾ ਝੋਨਾ ਦੀਵਾਲੀ ਵਾਲੇ ਦਿਨ ਹਰ ਹਾਲਤ ਵਿੱਚ ਤੋਲਿਆ ਜਾਵੇਗਾ ਪਰ ਕਿਸਾਨ ਅਤੇ ਮਜ਼ਦੂਰ ਅਧਿਕਾਰੀਆਂ ਦਾ ਰਾਹ ਤੱਕਦੇ ਰਹੇ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਦੀਵਾਲੀ ਵਾਲੇ ਦਿਨ ਝੋਨਾ ਵੇਚ ਕੇ ਘਰ ਚਲੇ ਜਾਣਗੇ ਪਰ ਉਨ੍ਹਾਂ ਨੂੰ ਤਿਉਹਾਰ ਦੀ ਰਾਤ ਪਰਿਵਾਰ ਤੋਂ ਦੂਰ ਮੰਡੀ ਵਿੱਚ ਗੁਜ਼ਾਰਨੀ ਪਈ। ਪਿੰਡ ਦਲੇਲ ਵਾਲਾ ਦੇ ਖਰੀਦ ਕੇਂਦਰ ਵਿੱਚ ਸੁਖਦੇਵ ਸਿੰਘ ਅਤੇ ਬੂਟਾ ਸਿੰਘ ਵਰਗੇ ਕਈ ਕਿਸਾਨ ਕਈ ਦਿਨਾਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਪਰ ਉਨ੍ਹਾਂ ਦੀ ਦੀਵਾਲੀ ਵੀ ਮੰਡੀ ’ਚ ਤਾਰੇ ਗਿਣਦੇ ਲੰਘ ਗਈ।
ਝੋਨਾ ਕੱਲ੍ਹ ਵੀ ਵਿਕਿਆ ਤੇ ਅੱਜ ਵੀ: ਜੈ ਸਿੰਘ ਸਿੱਧੂ
ਮਾਨਸਾ ਜ਼ਿਲ੍ਹੇ ਦੇ ਉਪ ਜ਼ਿਲ੍ਹਾ ਮੰਡੀ ਅਫਸਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਖਰੀਦ ਕੇਂਦਰਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਖਰਾ ਉਤਰਨ ਵਾਲਾ ਝੋਨਾ ਮੰਡੀਆਂ ਵਿੱਚ ਅੱਜ ਵੀ ਵਿਕਿਆ ਹੈ ਅਤੇ ਬੀਤੇ ਦਿਨ ਵੀ ਵਿਕਿਆ ਸੀ। ਸੁੱਕਾ ਝੋਨਾ ਮੰਡੀਆਂ ਵਿੱਚ ਲਗਾਤਾਰ ਵਿਕ ਰਿਹਾ ਹੈ, ਕਿਤੇ ਕੋਈ ਦਿੱਕਤ ਨਹੀਂ ਹੈ। ਜੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਮਾਮਲਾ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਹੋਰ ਪ੍ਰਮੁੱਖ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ।