ਕਿਸਾਨ 8 ਨੂੰ ਬਿਜਲੀ ਬਿੱਲ ਦੀਆਂ ਕਾਪੀਆਂ ਫੂਕਣਗ
ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਨੇ ਕੇਂਦਰ ਸਰਕਾਰ ਵੱਲੋਂ ਚਾਰ ਕਿਰਤ ਕੋਡ ਲਾਗੂ ਕਰਨ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਤਹਿਤ ਮੋਰਚੇ ਵੱਲੋਂ 8 ਦਸੰਬਰ ਨੂੰ ਦੇਸ਼ ਭਰ ਦੇ ਪਿੰਡਾਂ ਵਿੱਚ ਬੀਜ ਬਿੱਲ ਅਤੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਇਸੇ ਦਿਨ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਸੂਬੇ ਵਿਚ ਡਿਵੀਜ਼ਨਲ ਅਤੇ ਸਬ-ਡਿਵੀਜ਼ਨਲ ਬਿਜਲੀ ਦਫ਼ਤਰਾਂ ਵੱਲ ਰੋਸ ਮਾਰਚ ਵੀ ਕਰਨਗੇ। ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨ ਆਗੂ ਡਾ. ਦਰਸ਼ਨ ਪਾਲ ਤੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਬੀਜ ਬਿੱਲ ਆਰ ਐੱਸ ਐੱਸ-ਭਾਜਪਾ ਦੇ ਉਸ ਵੱਡੇ ਸਿਆਸੀ ਪ੍ਰਾਜੈਕਟ ਦਾ ਹਿੱਸਾ ਹੈ ਜਿਸ ਦਾ ਮਕਸਦ ਛੋਟੇ ਕਿਸਾਨਾਂ ਨੂੰ ਖੇਤੀ ’ਚੋਂ ਬੇਦਖਲ ਕਰਨਾ ਹੈ।
ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਬੀਜ ਬਿੱਲ 2025 ਦਾ ਖਰੜਾ ਬੀਜ ਖੇਤਰ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਕ ’ਚ ਭੁਗਤਦਾ ਹੈ। ਮੋਰਚੇ ਨੇ ਦੋਸ਼ ਲਾਇਆ ਕਿ ਬਿਜਲੀ ਬਿੱਲ 2025 ਦਾ ਖਰੜਾ ਭਾਰਤੀ ਬਿਜਲੀ ਪ੍ਰਣਾਲੀ ਦੇ ਵੱਡੇ ਪੱਧਰ ’ਤੇ ਨਿੱਜੀਕਰਨ, ਵਪਾਰੀਕਰਨ ਅਤੇ ਕੇਂਦਰੀਕਰਨ ਲਈ ਤਿਆਰ ਕੀਤਾ ਗਿਆ ਹੈ। ਜੇ ਇਹ ਲਾਗੂ ਹੁੰਦਾ ਹੈ ਤਾਂ ਦਹਾਕਿਆਂ ਤੋਂ ਬਣਿਆ ਸਮਾਜਿਕ ਬਿਜਲੀ ਢਾਂਚਾ ਖਤਮ ਹੋ ਜਾਵੇਗਾ।
