ਕਿਸਾਨਾਂ ਨੇ ਹੜ੍ਹ ਪੀੜਤ ਸਹਾਇਤਾ ਕੇਂਦਰ ਦਾ ਤਾਲਾ ਤੋੜਿਆ
ਹੜ੍ਹ ਪੀੜਤਾਂ ਲਈ ਬਣਾਏ ਸਹਾਇਤਾ ਕੇਂਦਰ ’ਤੇ ਬੀਤੀ ਰਾਤ ਪੁਲੀਸ ਦੀ ਮਦਦ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਤਾਲਾ ਲਗਾ ਦਿੱਤਾ ਸੀ। ਇਸ ਦੇ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਧਰਨਾ ਦਿੱਤਾ। ਇਸ ਦੌਰਾਨ ਸਟੋਰ ਦੇ ਤਾਲੇ ਤੋੜ ਦਿੱਤੇ ਗਏ। ਇਸ ਮੌਕੇ ਕਾਂਗਰਸੀ ਵਿਧਾਇਕ ਖਹਿਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਪੁਲੀਸ ਦੀ ਸਹਾਇਤਾ ਨਾਲ ਰਾਜ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਨਡਾਲਾ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਸਟੋਰ ਬਣਾਇਆ ਹੋਇਆ ਸੀ। ਬੀਤੀ ਰਾਤ ‘ਆਪ’ ਆਗੂਆਂ ਨੇ ਪੁਲੀਸ ਦੀ ਮਦਦ ਨਾਲ ਇਸ ’ਤੇ ਤਾਲਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਪੁਲੀਸ ਸਹਾਇਤਾ ਤੋਂ ਬਿਨਾਂ ਪਿੰਡਾਂ ਵਿੱਚ ਵੜ ਨਹੀ ਸਕਦਾ। ਇਸ ਮੌਕੇ ਵਿਧਾਇਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਿਸ਼ਾਨ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ, ਅਵਤਾਰ ਸਿੰਘ ਵਾਲੀਆ ਵੱਲੋਂ ਸਬੋਧਨ ਕਰਦਿਆਂ ਭੁਲੱਥ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਦੀ ਕਾਰਵਾਈ ਪੁਲੀਸ ਦੀ ਸਹਾਇਤਾ ਨਾਲ ਰੋਕਣ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਲੋਕਾਂ ਨੇ ਰਸਦ ਵਾਲੇ ਸਟੋਰ ਦੇ ਤਾਲੇ ਤੋੜ ਦਿੱਤੇ ਤੇ ਹੜ੍ਹ ਪੀੜਤਾਂ ਨੂੰ ਰਸਦ ਪਹੁੰਚਾਉਣ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ। ਇਸ ਮੌਕੇ ਰਸ਼ਪਾਲ ਸਿੰਘ ਬੱਚਾਜੀਵੀ, ਹਰਵਿੰਦਰ ਸਿੰਘ ਜੈਦ, ਸੁਖਵਿੰਦਰ ਸਿੰਘ ਬਾਗੜੀਆ ਤੇ ਹੋਰ ਹਾਜ਼ਰ ਸਨ।