ਕਿਸਾਨਾਂ ਨੇ ਡੀ ਸੀ ਦਫ਼ਤਰ ਦੇ ਗੇਟ ਰੋਕੇ
ਗੁਰਸੇਵਕ ਸਿੰਘ ਪ੍ਰੀਤ
ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਵੰਡ ਕੇ ਪਰਤਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਇਕ ਕਿਸਾਨ ਦੇ ਪਰਿਵਾਰ ਅਤੇ ਗੰਭੀਰ ਜ਼ਖਮੀ ਇਕ ਹੋਰ ਕਿਸਾਨ ਦੇ ਇਲਾਜ ਲਈ ਮੁਆਵਜ਼ੇ ਲੈਣ ਖਾਤਰ ਪਿਛਲੇ 14 ਦਿਨਾਂ ਤੋਂ ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਹਜ਼ਾਰਾਂ ਕਿਸਾਨਾਂ ਨੇ ਅੱਜ ਡੀਸੀ ਦਫ਼ਤਰ ਦੀ ਮੁੱਖ ਇਮਾਰਤ ਦਾ ਘਿਰਾਓ ਸ਼ੁਰੂ ਕਰ ਦਿੱਤਾ। ਇਸ ਨਾਲ ਏਡੀਸੀ ਸਣੇ ਕਈ ਅਧਿਕਾਰੀ ਤੇ ਦਰਜਨਾਂ ਕਰਮਚਾਰੀ ਇਮਾਰਤ ਦੇ ਅੰਦਰ ਘਿਰ ਗਏ। ਇਮਾਰਤ ਵਿੱਚ ਦਾਖ਼ਲੇ ਵਾਲੇ ਤਿੰਨੇ ਗੇਟਾਂ ਨੂੰ ਸੈਂਕੜੇ ਮਰਦ-ਔਰਤਾਂ ਨੇ ਬੰਦ ਕਰ ਦਿੱਤਾ। ਕਿਸਾਨਾਂ ਨੇ ਅਫ਼ਸਰਾਂ ਦੀ ਕਾਰ ਪਾਰਕਿੰਗ ਵਾਲੀ ਥਾਂ ਅਤੇ ਮੈਟਲ ਡਿਟੈਕਟਰ ਨੂੰ ਵੀ ਠੱਪ ਕਰ ਦਿੱਤਾ। ਰੋਸ ਧਰਨੇ ਵਿੱਚ ਮਾਲਵੇ ਦੇ ਛੇ ਜ਼ਿਲ੍ਹਿਆਂ ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਰੀਦਕੋਟ ਤੋਂ ਪਹੁੰਚੇ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾਈ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਲੋਕ ਹਿੱਤ ਵਿੱਚ ਆਪਣੀ ਜਾਨ ਲਾਉਣ ਵਾਲੇ ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਗੁਰਪਾਲ ਸਿੰਘ ਨੰਗਲ ਲਈ ਮੁਆਵਜ਼ੇ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਸਰਕਾਰ ਪਿਛਲੇ 14 ਦਿਨਾਂ ਤੋਂ ਮੂਕ ਦਰਸ਼ਕ ਬਣੀ ਬੈਠੀ ਹੈ।
ਜਥੇਬੰਦੀ ਦੇ ਮਹਿਲਾ ਵਿੰਗ ਦੀ ਸੂਬਾਈ ਆਗੂ ਹਰਿੰਦਰ ਬਿੰਦੂ ਨੇ ਆਖਿਆ ਕਿ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਹੱਕਾਂ-ਹਿੱਤਾਂ ਲਈ ਜੂਝਣ ਵਾਲੇ ਲੋਕ ਕਿਸੇ ਜ਼ਬਰ-ਜੁਲਮ ਤੋਂ ਨਹੀਂ ਡਰਦੇ। ਰੋਸ ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਮਾਨਸਾ, ਗੁਰਭੇਜ ਸਿੰਘ ਰੋਹੀ ਵਾਲਾ ਫਾਜ਼ਿਲਕਾ, ਜਸਪਾਲ ਸਿੰਘ ਨੰਗਲ ਫਰੀਦਕੋਟ, ਗੁਰਦੇਵ ਸਿੰਘ ਕ੍ਰਿਸ਼ਨਪੁਰਾ ਮੋਗਾ ਤੇ ਹਰਬੰਸ ਸਿੰਘ ਕੋਟਲੀ ਮੁਕਤਸਰ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਸੁਣਾਉਣੀ ਕੀਤੀ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰੇ।
ਰੋਸ ਧਰਨੇ ਤੇ ਵੱਡੇ ਇਕੱਠ ਤੋਂ ਤੁਰੰਤ ਹਰਕਤ ਵਿੱਚ ਆਏ ਪੁਲੀਸ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਆਗੂਆਂ ਦੀ ਏਡੀਸੀ ਨਾਲ ਕਰਵਾਈ ਮੀਟਿੰਗ ਵੀ ਬੇਸਿੱਟਾ ਰਹੀ। ਦੇਰ ਸ਼ਾਮ ਦਫ਼ਤਰ ਦੇ ਕਰਮਚਾਰੀਆਂ ਨੂੰ ਘਰੀਂ ਜਾਣ ਵਾਸਤੇ ਇਕ ਗੇਟ ਖੋਲ੍ਹ ਦਿੱਤਾ ਗਿਆ। ਇਸ ਮੌਕੇ ਪੁਲੀਸ ਵੱਲੋਂ ਡੀਸੀ ਦਫ਼ਤਰ ਦੇ ਚਾਰੇ ਪਾਸੇ ਵੱਡੀ ਗਿਣਤੀ ’ਚ ਪੁਲੀਸ ਕਰਮੀ, ਅੱਗ ਬੁਝਾਊ ਦਸਤਾ, ਪਾਣੀ ਵਾਲੀਆਂ ਗੱਡੀਆਂ, ਬੱਸਾਂ ਤੇ ਹੋਰ ਵਾਹਨ ਲਿਆ ਖੜ੍ਹੇ ਕੀਤੇ। ਦੂਜੇ ਪਾਸੇ, ਕਿਸਾਨ ਵੀ ਵੱਡੀ ਗਿਣਤੀ ’ਚ ਰਾਸ਼ਨ-ਪਾਣੀ ਦੇ ਰਿਹਾਇਸ਼ ਦਾ ਪ੍ਰਬੰਧ ਕਰ ਕੇ ਬੈਠੇ ਹਨ।
