ਫ਼ਰੀਦਕੋਟ ਕਤਲ ਕੇਸ: ਕੈਨੇਡਾ ਤੋਂ ਡਿਪੋਰਟ ਵਿਅਕਤੀ ਨੇ ਆਤਮ ਸਮਰਪਣ ਕੀਤਾ
ਪ੍ਰੇਮ ਸਬੰਧਾਂ ਨਾਲ ਜੁੜੇ ਕਤਲ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਨੇ ਅੱਜ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਫ਼ਰੀਦਕੋਟ ਦਾ ਗੁਰਵਿੰਦਰ ਸਿੰਘ ਚਾਰ ਦਿਨ ਪਹਿਲਾਂ ਸੁਖਨੇਵਾਲਾ ਪਿੰਡ ਦੇ ਆਪਣੇ ਘਰ ਦੀ ਛੱਤ ’ਤੇ ਮ੍ਰਿਤ ਮਿਲਿਆ ਸੀ। ਬਠਿੰਡਾ ਦੇ ਬੱਲੂਆਣਾ ਪਿੰਡ ਦੇ ਹਰਕੰਵਲਪ੍ਰੀਤ ਸਿੰਘ, ਜੋ ਪੀੜਤ ਦੀ ਪਤਨੀ ਦਾ ਕਥਿਤ ਪ੍ਰੇਮੀ ਹੈ, ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁੱਛਗਿੱਛ ਲਈ ਤਿੰਨ ਦਿਨਾ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਇਹ ਮਾਮਲਾ ਗੁਰਵਿੰਦਰ ਸਿੰਘ ਦੀ ਮੌਤ ਨਾਲ ਸਬੰਧਤ ਹੈ, ਜੋ ਸ਼ੁੱਕਰਵਾਰ ਰਾਤ ਨੂੰ ਆਪਣੇ ਘਰ ਦੀ ਛੱਤ 'ਤੇ ਮ੍ਰਿਤਕ ਪਾਇਆ ਗਿਆ ਸੀ। ਉਸ ਦੀ ਪਤਨੀ ਰੁਪਿੰਦਰ ਕੌਰ ਵੱਲੋਂ ਰੌਲਾ ਪਾਉਣ ’ਤੇ ਪਿੰਡ ਵਾਸੀ ਮੌਕੇ ਉੱਤੇ ਪਹੁੰਚੇ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮਗਰੋਂ ਕਤਲ ਦੇ ਸ਼ੱਕ ਵਿੱਚ ਰੁਪਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲੀਸ ਨੇ ਦੱਸਿਆ ਕਿ ਇੱਕ ਐਨਆਰਆਈ ਪਰਿਵਾਰ ਨਾਲ ਸਬੰਧਤ ਗੁਰਵਿੰਦਰ ਨੇ 2023 ਵਿੱਚ ਰੁਪਿੰਦਰ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਹ ਕੈਨੇਡਾ ਚਲੀ ਗਈ ਸੀ ਪਰ 2024 ਵਿੱਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਵਿਦੇਸ਼ ਵਿੱਚ ਆਪਣੀ ਰਿਹਾਇਸ਼ ਦੌਰਾਨ, ਉਸ ਦੇੇ ਹਰਕੰਵਲਪ੍ਰੀਤ ਨਾਲ ਕਥਿਤ ਗੂੜ੍ਹੇ ਸਬੰਧ ਬਣ ਗਏ। ਹਰਕੰਵਲਪ੍ਰੀਤ ਨੂੰ ਵੀ ਉਦੋਂ ਹੀ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ।
ਗੁਰਵਿੰਦਰ ਦੀ ਭੈਣ ਮਨਵੀਰ ਕੌਰ ਵੱਲੋਂ ਦਰਜ ਸ਼ਿਕਾਇਤ ਮੁਤਾਬਕ ਪੀੜਤ ਨੇ ਵਾਰ-ਵਾਰ ਆਪਣੀ ਜਾਨ ਦਾ ਡਰ ਜ਼ਾਹਰ ਕੀਤਾ ਸੀ ਅਤੇ ਪਰਿਵਾਰ ਨੂੰ ਕਥਿਤ ਸਬੰਧਾਂ ਬਾਰੇ ਸੂਚਿਤ ਕੀਤਾ ਸੀ। ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਗੁਰਵਿੰਦਰ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ ਜਾਂ ਜ਼ਹਿਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲੀਸ ਹੁਣ ਹਰਕੰਵਲਪ੍ਰੀਤ ਤੋਂ ਪੁੱਛਗਿੱਛ ਕਰੇਗੀ।
