ਥਾਣੇ ’ਚ ਮੁਲਜ਼ਮ ਦੀ ਮੌਤ ਮਗਰੋਂ ਪਰਿਵਾਰ ਵੱਲੋਂ ਸੜਕ ਜਾਮ
ਇੱਥੇ ਪੁਲੀਸ ਥਾਣੇ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਬੰਦ ਇੱਕ ਵਿਅਕਤੀ ਦੀ ਅੱਜ ਸਵੇਰੇ ਭੇਤ-ਭਰੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਕਿਲ੍ਹਾ ਜੀਵਨ ਸਿੰਘ ਵਜੋਂ ਹੋਈ।
ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਅੱਗੇ ਅੰਮ੍ਰਿਤਸਰ-ਜਲੰਧਰ ਸੜਕ ’ਤੇ ਧਰਨਾ ਲਾ ਦਿੱਤਾ। ਪਿਛਲੇ ਪੰਜ ਘੰਟਿਆਂ ਤੋਂ ਹਾਈਵੇਅ ’ਤੇ ਲੱਗੇ ਜਾਮ ਕਾਰਨ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂ, ਬਰਾਤ ਵਾਲੇ ਵਾਹਨ ਅਤੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇਣ ਆ ਰਹੇ ਕਈ ਉਮੀਦਵਾਰ ਜਾਮ ਵਿੱਚ ਫਸ ਗਏ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਖ਼ਿਲਾਫ਼ ਨਾਅਰਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਐੱਸ ਪੀ (ਹੈੱਡ ਕੁਆਰਟਰ) ਤੇਜਵੀਰ ਸਿੰਘ ਤੇ ਡੀ ਐੱਸ ਪੀ ਗੁਰਿੰਦਰਪਾਲ ਨਾਗਰਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਐੱਨ ਡੀ ਪੀ ਐੱਸ ਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਸਵੇਰੇ ਅਚਾਨਕ ਤਬੀਅਤ ਵਿਗੜਨ ਮਗਰੋਂ ਉਸ ਨੂੰ ਫੌਰੀ ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨਾਲ ਬੰਦ ਦੂਜਾ ਵਿਅਕਤੀ ਬਿਲਕੁਲ ਠੀਕ-ਠਾਕ ਹੈ। ਐੱਸ ਪੀ ਨੇ ਕਿਹਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਥਾਂ-ਥਾਂ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੇ ਫੁਟੇਜ ਵੀ ਖੰਗਾਲੇ ਜਾਣਗੇ। ਨਿਆਂਇਕ ਜਾਂਚ ਮਗਰੋਂ ਤੱਥਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀ ਐੱਸ ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਥਾਣਿਆਂ ਦੇ ਮੁਖੀ ਭਾਰੀ ਪੁਲੀਸ ਬਲ ਸਮੇਤ ਮੌਜੂਦ ਸਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਜੀ ਟੀ ਰੋਡ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲੀਸ ਹਿਰਾਸਤ ਵਿੱਚ ਹੋਈ ਗੁਰਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਸਬੰਧੀ ਜ਼ਿਲ੍ਹਾ ਡਿਊਟੀ ਮੈਜਿਸਟਰੇਟ ਵੱਲੋਂ ਜਾਂਚ ਪੜਤਾਲ ਕੀਤੇ ਜਾਣ ਮਗਰੋਂ ਬਿਆਨ ਕਲਮ ਬੰਦ ਕੀਤੇ ਗਏ। ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਸ਼ਾਮ ਲਗਪਗ 7.30 ਵਜੇ ਜੀ ਟੀ ਰੋਡ ਤੋਂ ਧਰਨਾ ਚੁੱਕ ਲਿਆ। ਇਹ ਧਰਨਾ ਸਵੇਰੇ 10 ਵਜੇ ਲਗਾਇਆ ਗਿਆ ਸੀ।
