ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਿੱਟੀਸਿੰਘਪੁਰਾ ’ਚ ਮਾਰੇ ਗਏ 35 ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ’ਚ: ਜਥੇਦਾਰ ਗੜਗੱਜ

ਕਸ਼ਮੀਰ ਦੌਰੇ ਦੌਰਾਨ ਪਿੰਡ ਚਿੱਟੀਸਿੰਘਪੁਰਾ ਪੁੱਜੇ ਜਥੇਦਾਰ ਗਡ਼ਗੱਜ; ਪਿੰਡ ਵਿੱਚ 20 ਮਾਰਚ, 2000 ਨੂੰ ਕਤਲ ਕੀਤੇ ਗਏ 35 ਸਿੱਖਾਂ ਨੂੰ ਦਿੱਤੀ ਸ਼ਰਧਾਂਜਲੀ
ਪਿੰਡ ਚਿੱਟੀਸਿੰਘਪੁਰਾ ਵਿਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
Advertisement

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ ਅਤੇ ਉਹ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ।

ਉਹ ਕਸ਼ਮੀਰ ਦੌਰੇ ਦੌਰਾਨ ਪਿੰਡ ਚਿੱਟੀ ਸਿੰਘਪੁਰਾ ਵਿਖੇ ਵੀ ਗਏ ਹਨ ਅਤੇ ਉੱਥੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ।

Advertisement

ਇਸ ਮੌਕੇ ਉਨ੍ਹਾਂ ਨੇ ਇਸ ਪਿੰਡ ਵਿੱਚ 20 ਮਾਰਚ, 2000 ਨੂੰ ਕਤਲ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੀ ਸੰਗਤ ਵੱਲੋਂ ਬਣਾਈ ਗਈ ਯਾਦਗਾਰ ਤੇ ਤਸਵੀਰਾਂ ਵੀ ਦੇਖੀਆਂ ਅਤੇ ਉਹ ਕੰਧ ਵੀ ਦੇਖੀ ਜਿਸ ਨਾਲ ਖੜ੍ਹੇ ਕਰਕੇ ਕਿ ਇਨ੍ਹਾਂ ਸਿੱਖਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਸੀ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਦੁਖਦਾਈ ਹਾਦਸੇ ਨੇ ਨਾ ਸਿਰਫ਼ ਕਸ਼ਮੀਰ ਦੇ ਸਿੱਖਾਂ ਨੂੰ, ਸਗੋਂ ਪੂਰੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (ਉਪਰ) ਪਿੰਡ ਚਿੱਟੀਸਿੰਘਪੁਰਾ ਵਿਚ ਗੁਰਮਤਿ ਸਮਾਗਮ ਵਿਚ ਸ਼ਿਰਕਤ ਕਰਦੇ ਹੋਏ ਤੇ (ਹੇਠਾਂ) 20 ਮਾਰਚ, 2000 ਦੀ ਘਟਨਾ ਵਿਚ ਕੰਧ ’ਤੇ ਬਣੇ ਗੋਲੀਆਂ ਦੇ ਨਿਸ਼ਾਨ ਦੇਖਦੇ ਹੋਏ।

ਉਨ੍ਹਾਂ ਕਿਹਾ ਕਿ ਸ਼ਹੀਦ ਕੀਤੇ ਗਏ ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ ਅਤੇ ਇਸ ਘਟਨਾ ਦਾ ਸੱਚ ਅੱਜ ਤੱਕ ਸਾਹਮਣੇ ਨਹੀਂ ਆਇਆ ਹੈ, ਜੋ ਕਿ ਸਰਕਾਰ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਹੈ ਕਿ ਅੱਜ ਤੱਕ ਇਸ ਕਤਲੇਆਮ ਦੇ ਦੋਸ਼ੀ ਬੇਨਕਾਬ ਨਹੀਂ ਕੀਤੇ ਗਏ ਅਤੇ ਨਾ ਹੀ ਸਜ਼ਾ ਮਿਲੀ ਹੈ।

ਉਨ੍ਹਾਂ ਕਿਹਾ ਕਿ ਗੋਲੀਆਂ ਦੇ ਨਿਸ਼ਾਨ ਅੱਜ ਵੀ ਗਵਾਹੀ ਦੇ ਰਹੇ ਹਨ ਕਿ ਸਿੱਖ ਕੌਮ ਘੱਟ ਗਿਣਤੀ ਵਿੱਚ ਹੋਣ ਕਰਕੇ ਹੀ ਇਸ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਨੇ ਇੰਨਾ ਤਸ਼ੱਦਦ ਝੱਲਣ ਦੇ ਬਾਵਜੂਦ ਆਪਣੀ ਜ਼ਮੀਨ ਨਹੀਂ ਛੱਡੀ ਅਤੇ ਅੱਜ ਵੀ ਸਿੱਖ ਇਸ ਧਰਤੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਨਾਲ ਚੜ੍ਹਦੀ ਕਲਾ ਨਾਲ ਰਹਿ ਰਹੇ ਹਨ, ਲੇਕਿਨ ਸਰਕਾਰ ਇਨ੍ਹਾਂ ਦੇ ਹੱਕ-ਹਕੂਕ ਦੱਬ ਰਹੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਚਿੱਟੀਸਿੰਘਪੁਰਾ ਦੀ ਘਟਨਾ ਇਹ ਸਿੱਖਿਆ ਦਿੰਦੀ ਹੈ ਕਿ ਜੇ ਸਿੱਖ ਕੌਮ ਇੱਕਜੁੱਟ ਹੋਵੇ ਤਾਂ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪਿੰਡ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਜਥੇਦਾਰ ਨੇ ਗੁਰਬਾਣੀ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਵਿਸ਼ੇਸ਼ ਤੌਰ ’ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦਾ ਦੁੱਖ-ਦਰਦ ਸਾਂਝਾ ਕੀਤਾ।

ਜਥੇਦਾਰ ਗੜਗੱਜ ਨੇ ਸ਼ਹੀਦਾਂ ਦੀ ਯਾਦ ਸੰਭਾਲਣ ਲਈ ਪਿੰਡ ਵਾਸੀ ਸਰਕਾਰੀ ਅਧਿਆਪਕ ਗਿਆਨੀ ਰਜਿੰਦਰ ਸਿੰਘ ਅਤੇ ਨੌਜਵਾਨ ਸਭਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

Advertisement
Show comments