ਭਾਰਤ ਸਾਥ ਦੇਵੇ ਤਾਂ ਹਾਫ਼ਿਜ਼ ਤੇ ਅਜ਼ਹਰ ਦੀ ਹਵਾਲਗੀ ਸੰਭਵ: ਬਿਲਾਵਲ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਭਰੋਸਾ ਬਹਾਲੀ ਦੇ ਕਦਮਾਂ ਤਹਿਤ ਜਾਂਚ ਦੇ ਘੇਰੇ ਹੇਠ ਆਏ ਵਿਅਕਤੀਆਂ ਨੂੰ ਭਾਰਤ ਹਵਾਲੇ ਕਰਨ ’ਚ ਕੋਈ ਇਤਰਾਜ਼ ਨਹੀਂ ਹੈ ਪਰ ਨਵੀਂ ਦਿੱਲੀ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਅਮਲ ’ਚ ਸਹਿਯੋਗ ਦੇਣ ਦੀ ਇੱਛਾ ਦਿਖਾਏ। ‘ਡਾਅਨ ਅਖ਼ਬਾਰ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਨੇ ਸ਼ੁੱਕਰਵਾਰ ਨੂੰ ਅਲ ਜਜ਼ੀਰਾ ਨੂੰ ਦਿੱਤੇ ਇੰਟਰਵਿਊ ’ਚ ਇਹ ਟਿੱਪਣੀ ਕੀਤੀ। ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਲਸ਼ਕਰ-ਏ-ਤਾਇਬਾ ਮੁਖੀ ਹਾਫ਼ਿਜ਼ ਸਈਦ ਅਤੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਸੰਭਾਵੀ ਸਮਝੌਤੇ ਤਹਿਤ ਭਾਰਤ ਹਵਾਲੇ ਕੀਤਾ ਜਾਵੇਗਾ ਜਾਂ ਨਹੀਂ। ਬਿਲਾਵਲ ਨੇ ਕਿਹਾ ਕਿ ਭਾਰਤ ਕੁਝ ਬੁਨਿਆਦੀ ਗੱਲਾਂ ਦਾ ਪਾਲਣ ਕਰਨ ਤੋਂ ਇਨਕਾਰ ਕਰ ਰਿਹਾ ਹੈ ਜੋ ਦੋਸ਼ ਸਾਬਿਤ ਕਰਨ ਲਈ ਜ਼ਰੂਰੀ ਹੁੰਦੀਆਂ ਹਨ। ਉਸ ਨੇ ਕਿਹਾ ਕਿ ਅਦਾਲਤਾਂ ’ਚ ਸਬੂਤ ਪੇਸ਼ ਕਰਨਾ, ਲੋਕਾਂ ਦਾ ਭਾਰਤ ਤੋਂ ਗਵਾਹੀ ਦੇਣ ਲਈ ਆਉਣਾ ਅਤੇ ਜੋ ਵੀ ਜਵਾਬੀ ਦੋਸ਼ ਲੱਗਣਗੇ, ਉਨ੍ਹਾਂ ਨੂੰ ਸਹਿਣ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਭਾਰਤ ਇਸ ਅਮਲ ’ਚ ਸਹਿਯੋਗ ਕਰਨ ਲਈ ਤਿਆਰ ਹੈ ਤਾਂ ਕਿਸੇ ਵੀ ਜਾਂਚ ਦੇ ਘੇਰੇ ’ਚ ਆਏ ਵਿਅਕਤੀ ਨੂੰ ਹਵਾਲੇ ਕਰਨ ’ਚ ਕੋਈ ਅੜਿੱਕਾ ਨਹੀਂ ਖੜ੍ਹਾ ਹੋਵੇਗਾ। ਉਨ੍ਹਾਂ ਅਤਿਵਾਦੀਆਂ ਨੂੰ ਫੜਨ ਦੇ ਭਾਰਤ ਦੇ ਅਹਿਦ ’ਤੇ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਹ ‘ਨਵੀ ਅਸਹਿਜ’ ਨੀਤੀ ਹੈ। ਸਈਦ ਅਤੇ ਅਜ਼ਹਰ ਦੇ ਟਿਕਾਣਿਆਂ ਬਾਰੇ ਪੁੱਛੇ ਜਾਣ ’ਤੇ ਬਿਲਾਵਲ ਨੇ ਕਿਹਾ ਕਿ ਸਈਦ ਜੇਲ੍ਹ ’ਚ ਹੈ ਜਦਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਅਜ਼ਹਰ ਅਫ਼ਗਾਨਿਸਤਾਨ ’ਚ ਹੈ। -ਪੀਟੀਆਈ