ਪਿੰਡ ਜੀਦਾ ’ਚ ਧਮਾਕਾ, ਪਿਓ-ਪੁੱਤ ਜ਼ਖ਼ਮੀ
ਇਸ ਧਮਾਕੇ ਵਿਚ ਗੁਰਪ੍ਰੀਤ ਸਿੰਘ ਅਤੇ ਉਸ ਦਾ ਪਿਤਾ ਜਗਤਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ’ਤੇ ਪਹੁੰਚੀ ਐੱਸਐੱਸਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਵਿੱਚ ਧਮਾਕਾ ਹੋਇਆ ਹੈ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਜੋ ਕਿ 19 ਸਾਲ ਦਾ ਲੜਕਾ ਆਨਲਾਈਨ ਸਮੱਗਰੀ ਮੰਗਵਾ ਕੇ ਯੂਟਿਊਬ ਦੀ ਮਦਦ ਨਾਲ ਘਰ ਵਿੱਚ ਪ੍ਰਯੋਗ ਕਰਕੇ ਧਮਕਾਖੇਜ਼ ਵਰਗੀ ਵਸਤੂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਪਿਤਾ ਨੇ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਨਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪਤਾ ਲੱਗਾ ਕਿ ਨੌਜਵਾਨ ਬਠਿੰਡਾ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਐੱਸਐੱਸਪੀ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਟੀਮ ਵੱਲੋਂ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਐੱਸਐੱਸਪੀ ਨੇ ਪੁਸ਼ਟੀ ਕਰਦੇ ਦੱਸਿਆ ਕਿ ਜ਼ਿਲ੍ਹੇ ਦੇ ਥਾਣਾ ਨੇਹੀਆਂ ਵਾਲਾ ਵਿੱਚ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।