ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੱਤਵੇਂ ਮਰੀਜ਼ ਨੂੰ ਚਮੜੀ ਰੋਗ
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੱਤਵਾਂ ਮਰੀਜ਼ ਚਮੜੀ ਰੋਗ ਤੋਂ ਪੀੜਤ ਹੈ। ਜਦੋਂਕਿ ਹਰ ਅੱਠਵੇਂ ਮਰੀਜ਼ ਨੂੰ ਬੁਖ਼ਾਰ ਹੋ ਰਿਹਾ ਹੈ। ਇਸ ਗੱਲ ਦਾ ਖੁਲਾਸਾ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਏ ਗਏ ਸਿਹਤ ਕੈਂਪਾਂ ਵਿੱਚ ਹੋਇਆ। ਸਿਹਤ ਵਿਭਾਗ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ 2303 ਪਿੰਡਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਸਿਹਤ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਹੁਣ ਤੱਕ 2,47,958 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਕੈਂਪਾਂ ਵਿੱਚ ਪਹਿਲੇ ਹਫ਼ਤੇ ਦੌਰਾਨ 36,199 ਮਰੀਜ਼ ਚਮੜੀ ਰੋਗਾਂ ਤੋਂ ਪੀੜਤ ਪਾਏ ਗਏ। ਇਸ ਤੋਂ ਇਲਾਵਾ 31,717 ਜਣਿਆਂ ਨੂੰ ਬੁਖ਼ਾਰ, 7,832 ਨੂੰ ਦਸਤ ਅਤੇ 16,884 ਅੱਖਾਂ ਦੀ ਲਾਗ ਤੋਂ ਪੀੜਤ ਹਨ। ਮਲੇਰੀਆ ਦੇ ਪੰਜ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਦਿਵਾਉਣ ਲਈ ਲਗਾਤਾਰ ਚਾਰਾਜ਼ੋਈ ਕੀਤੀ ਜਾ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ਦੇ 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ‘ਵਿਸ਼ੇਸ਼ ਸਿਹਤ ਮੁਹਿੰਮ’ ਤਹਿਤ ਮੈਡੀਕਲ ਕੈਂਪ ਲਗਾਏ ਗਏ, ਜਿੱਥੇ ਸਰਕਾਰੀ ਡਾਕਟਰਾਂ, ਨਵੇਂ ਭਰਤੀ ਕੀਤੇ ਮੈਡੀਕਲ ਅਫਸਰਾਂ, ਪ੍ਰਾਈਵੇਟ ਵਾਲੰਟੀਅਰਾਂ, ਆਯੂਰਵੇਦ ਮੈਡੀਕਲ ਅਫਸਰਾਂ ਅਤੇ ਐੱਮ ਬੀ ਬੀ ਐੱਸ ਇੰਟਰਨਜ਼ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਡੀਕਲ ਕੈਂਪ ਤੋਂ ਇਲਾਵਾ 20,000 ਤੋਂ ਵੱਧ ਆਸ਼ਾ ਵਰਕਰਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਸੱਤ ਲੱਖ ਤੋਂ ਵੱਧ ਘਰਾਂ ਵਿੱਚ ਪਹੁੰਚ ਕਰਕੇ 2.27 ਲੱਖ ਨੂੰ ਜ਼ਰੂਰੀ ਸਿਹਤ ਕਿੱਟਾਂ ਵੰਡੀਆਂ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਘਰਾਂ ’ਚ ਪਹੁੰਚ ਕੇ ਮੱਛਰਾਂ ਦੇ ਪ੍ਰਜਣਨ ਨੂੂੰ ਰੋਕਣ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹੁਣ ਤੱਕ ਵੱਖ-ਵੱਖ ਟੀਮਾਂ ਨੇ 6.22 ਲੱਖ ਘਰਾਂ ਵਿੱਚ ਮੱਛਰਾਂ ਦੇ ਪ੍ਰਜਣਨ ਸਬੰਧੀ ਚੈਕਿੰਗ ਕੀਤੀ ਹੈ। ਇਸ ਦੌਰਾਨ 11,582 ਘਰਾਂ ਵਿੱਚ ਪ੍ਰਜਣਨ ਸਥਾਨਾਂ ਨੂੰ ਲੱਭ ਕੇ ਨਸ਼ਟ ਕੀਤਾ ਹੈ। ਇਸ ਤੋਂ ਇਲਾਵਾ 1.43 ਲੱਖ ਘਰਾਂ ’ਤੇ ਪ੍ਰੀਐਂਪਟਿਵ ਲਾਰਵੀਸਾਈਡ ਦਾ ਛਿੜਕਾਅ ਕੀਤਾ ਗਿਆ ਹੈ।