ਈ ਟੀ ਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਪੋਲ ਖੋਲ੍ਹ ਰੈਲੀ
ਗੁਰਦੀਪ ਸਿੰਘ ਲਾਲੀ
ਸੂਬੇ ਦੇ ਵੱਖੋ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਹਲਕਾ ਦਿੜ੍ਹਬਾ ਦੇ ਪਿੰਡ ਜਖੇਪਲ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪੋਲ ਖੋਲ੍ਹ ਰੈਲੀ ਕੀਤੀ ਗਈ। ਪਿੰਡ ਦੀਆਂ ਗਲੀਆਂ ’ਚ ਘਰੋਂ-ਘਰ ਸਰਕਾਰ ਖ਼ਿਲਾਫ਼ ਪੋਸਟਰ ਵੰਡੇ ਗਏ। ਖਰਾਬ ਮੌਸਮ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ ਦੀ ਅਗਵਾਈ ਵਿੱਚ ਪੋਲ ਖੋਲ੍ਹ ਰੈਲੀ ਕੀਤੀ ਗਈ। ਉਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਨਿਯੁਕਤੀ ਵਰ੍ਹੇ ਤੋਂ ਪੂਰੇ ਵਿੱਤੀ ਲਾਭਾਂ ਸਣੇ ਤਰੱਕੀ ਦਿੱਤੀ ਜਾਵੇ। ਮੁਜ਼ਾਹਰੇ ਦੀ ਅਗਵਾਈ ਸੂਬਾ ਪ੍ਰਧਾਨ ਕਮਲ ਠਾਕਰ, ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਤੇ ਸੁਮਨਪ੍ਰੀਤ ਕੌਰ ਬਰਨਾਲਾ ਨੇ ਕੀਤੀ। ਉਨ੍ਹਾਂ ਕਿਹਾ ਕਿ ਵਰ੍ਹਾ 2016 ਵਿੱਚ ਈ ਟੀ ਟੀ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ ਸੀ, ਬਾਅਦ ਵਿੱਚ ਸਿੱਖਿਆ ਵਿਭਾਗ ਨੇ ਮੈਰਿਟ ਸੂਚੀਆਂ ਦੀ ਸੁਧਾਈ ਉਪਰੰਤ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਅਦਾਲਤੀ ਦਖਲ ਨਾਲ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀ ਮੁੜ ਵਰ੍ਹਾ 2020 ਵਿੱਚ ਨਵੀਂ ਨਿਯੁਕਤੀ ਕਰ ਦਿੱਤੀ ਅਤੇ ਸਰਕਾਰ ਨੇ ਇਨ੍ਹਾਂ ਦੀ ਪਿਛਲੀ ਸਰਵਿਸ ਦੇ ਲਾਭ ਖਤਮ ਕਰ ਦਿੱਤੇ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜਖੇਪਲ ਪਿੰਡ ਦੀਆਂ ਗਲੀਆਂ ਵਿੱਚ ਨਾਅਰੇਬਾਜ਼ੀ ਕੀਤੀ। ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਜਾਗਰੂਕ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੋਕਾਂ ਨੂੰ ਸਰਕਾਰ ਦੇ ਖ਼ਿਲਾਫ਼ ਛਪਵਾਏ ਪੋਟਸਰ ਵੀ ਵੰਡੇ। ਇਸ ਮੌਕੇ 180 ਅਧਿਆਪਕਾਂ ਵੱਲੋਂ ਹਰਵਿੰਦਰ ਕੌਰ ਬਠਿੰਡਾ, ਹਰਪ੍ਰੀਤ ਕੌਰ ਅੰਮ੍ਰਿਤਸਰ, ਰੇਨੂ ਮਾਨਸਾ, ਗੁਰਪ੍ਰੀਤ ਸਿੰਘ, ਗੁਰਮੁਖ ਸਿੰਘ ਪਟਿਆਲਾ, ਜਸਵਿੰਦਰ ਸਿੰਘ ਵਰੇ, ਰਕੇਸ਼ ਕੁਮਾਰ, ਹਿਮਾਂਸ਼ੂ ਬਰੇਟਾ, ਪਵਨ ਕੁਮਾਰ, ਬਿਕਰਮਜੀਤ ਸਿੰਘ, ਸਰਕਾਰੀ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਸਮਾਣਾ, ਫਕੀਰ ਸਿੰਘ ਟਿੱਬਾ, ਸੁਰੇਸ਼ ਕੁਮਾਰ, ਬੱਗਾ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਸਵੰਤ ਸਿੰਘ, ਧਨ ਸਿੰਘ ਮਿਸ਼ਰੀ, ਦਰਸ਼ਨ ਸਿੰਘ, ਬਲਕਾਰ ਸਿੰਘ ਅਤੇ ਹੋਰ ਵੱਡੀ ਗਿਣਤੀ ਹੋਰ ਅਧਿਆਪਕ ਸਾਥੀ ਮੌਜੂਦ ਸਨ।