ਇੰਗਲੈਂਡ: ਵੁਲਵਰਹੈਂਪਟਨ ’ਚ 2 ਸਿੱਖ ਡਰਾਈਵਰਾਂ 'ਤੇ ਹਮਲਾ
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਨੇੜੇ ਸਤਨਾਮ ਸਿੰਘ (64) ਅਤੇ ਜਸਬੀਰ ਸੰਘਾ (72) ਨਾਮ ਦੇ ਦੋ ਸਿੱਖ ਟੈਕਸੀ ਡਰਾਈਵਰਾਂ 'ਤੇ ਕਥਿਤ ਤੌਰ 'ਤੇ ਕੁਝ ਵਿਅਕਤੀਆਂ ਦੇ ਗੁੱਟ ਵੱਲੋਂ ਹਿੰਸਕ ਹਮਲਾ ਕੀਤਾ ਗਿਆ ਸੀ।
ਪੀੜਤਾਂ ਅਨੁਸਾਰ ਹਮਲਾਵਰਾਂ ਨੇ ਨਸਲੀ ਭਾਸ਼ਾ ਦੀ ਵਰਤੋਂ ਕੀਤੀ ਅਤੇ ਹਮਲਾ ਕਰਨ ਤੋਂ ਪਹਿਲਾਂ ਭੜਕਾਉ ਗੱਲਾਂ ਕੀਤੀਆਂ। ਪੁਲੀਸ ਇਸ ਮਾਮਲੇ ਨੂੰ ਨਸਲੀ ਭੇਦਭਾਵ ਨਾਲ ਪ੍ਰੇਰਿਤ ਹਮਲੇ ਵਜੋਂ ਮੰਨ ਰਹੀ ਹੈ। ਬ੍ਰਿਟਿਸ਼ ਟਰਾਂਸਪੋਰਟ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਦੇ ਸਬੰਧ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਉਮਰ ਕ੍ਰਮਵਾਰ 17, 19 ਅਤੇ 25 ਸਾਲ ਹੈ। ਉਨ੍ਹਾਂ ਨੂੰ ਅੱਗੇ ਦੀ ਜਾਂਚ ਹੋਣ ਤੱਕ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਪੀੜਤ ਗੰਭੀਰ ਸਦਮੇ ਵਿਚ
ਇਸ ਹਾਦਸੇ ਵਿਚ ਸੰਘਾ ਦੀਆਂ ਦੋ ਪਸਲੀਆਂ ਟੁੱਟ ਗਈਆਂ ਹਨ। ਇਸ ਘਟਨਾ ਦੌਰਾਨ ਸਿੰਘ ਨੂੰ ਲੱਤਾਂ ਅਤੇ ਮੁੱਕੇ ਮਾਰੇ ਗਏ ਅਤੇ ਉਨ੍ਹਾਂ ਕਿਹਾ ਕਿ ਜਦੋਂ ਹਮਲੇ ਦੌਰਾਨ ਉਸ ਦੀ ਪੱਗ ਜ਼ਬਰਦਸਤੀ ਉਤਾਰ ਦਿੱਤੀ ਗਈ ਤਾਂ ਉਨ੍ਹਾਂ ਦੇ ਮਨ ਨੂੰ ਗਹਿਰਾ ਸਦਮਾ ਲੱਗਿਆ। ਉਸ ਪਲ ਬਾਰੇ ਭਾਵੁਕ ਹੋ ਕੇ ਸਿੰਘ ਨੇ ਨਿਉਜ਼ ਏਜੰਸੀ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਨੂੰ ਦੱਸਿਆ: "ਜਦੋਂ ਮੈਂ ਦੇਖਿਆ ਕਿ ਮੇਰੀ ਪੱਗ ਨਹੀਂ ਸੀ, ਤਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਅੰਦਰੋਂ ਮਰ ਗਿਆ ਹੋਵਾਂ।"
ਸਿੱਖ ਧਰਮ ਵਿੱਚ ਪੱਗ ਇੱਕ ਪਵਿੱਤਰ ਪ੍ਰਤੀਕ ਹੈ ਜੋ ਰੂਹਾਨੀ ਪਛਾਣ ਅਤੇ ਸਨਮਾਨ ਨੂੰ ਦਰਸਾਉਂਦੀ ਹੈ। ਸਿੰਘ ਨੇ ਕਿਹਾ ਕਿ ਹਮਲੇ ਦੌਰਾਨ ਉਸ ਦੀ ਪੱਗ ਦਾ ਉਤਾਰਿਆ ਜਾਣਾ ਉਸ ਲਈ ਬਹੁਤ ਡੂੰਘੀ ਬੇਇੱਜ਼ਤੀ ਅਤੇ ਸਦਮੇ ਵਾਲਾ ਸੀ।
ਸੰਘਾ, ਜਿਸ ਨੇ ਆਪਣੇ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਨੇ ਦੱਸਿਆ ਕਿ ਉਸ ਦੇ ਚਿਹਰੇ ’ਤੇ ਮੁੱਕੇ ਮਾਰੇ ਗਏ ਅਤੇ ਜਦੋਂ ਉਹ ਜ਼ਮੀਨ ’ਤੇ ਡਿੱਗਿਆ ਹੋਇਆ ਸੀ ਤਾਂ ਉਸ ਨੂੰ ਲੱਤਾਂ ਨਾਲ ਲਤਾੜਿਆ ਗਿਆ। ਉਨ੍ਹਾਂ ਕਿਹਾ, ‘‘ਕੁਝ ਵੀ ਹੋ ਸਕਦਾ ਸੀ। ਮੈਂ ਮਾਰਿਆ ਵੀ ਜਾ ਸਕਦਾ ਸੀ।’’
ਉਨ੍ਹਾਂ ਕਿਹਾ ਕਿ ਸੱਟਾਂ ਦਾ ਦਰਦ ਉਹ ਹਾਲੇ ਵੀ ਝੱਲ ਰਹੇ ਹਨ।
ਇਸ ਦੌਰਾਨਦੋਵਾਂ ਵਿਅਕਤੀਆਂ ਨੇ ਉਸ ਮੌਕੇ ਮੌਜੂਦ ਦੋ ਔਰਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਬਹਾਦਰੀ ਨਾਲ ਹਮਲੇ ਦੌਰਾਨ ਦਖ਼ਲ ਦਿੱਤਾ ਸੀ।
ਸਿੰਘ ਨੇ ਦੱਸਿਆ ਕਿ, ‘‘ਇੱਕ ਨੌਜਵਾਨ ਸੀ, ਦੂਜੀ ਵੱਡੀ ਉਮਰ ਦੀ ਔਰਤ ਸੀ ਉਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ।’’ ਸੰਘਾ ਨੇ ਕਿਹਾ, ‘‘ਸਾਡੇ ਆਲੇ-ਦੁਆਲੇ ਦੇ ਲੋਕ ਹਮਲਾਵਰਾਂ ਨੂੰ ਰੁਕਣ ਲਈ ਚੀਕ ਰਹੇ ਸਨ। ਮੈਂ ਸੱਚਮੁੱਚ ਉਨ੍ਹਾਂ ਦਾ ਦਖਲ ਦੇਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।’’
ਇਸ ਹਮਲੇ ਨੂੰ ਉੱਥੇ ਮੌਜੂਦ ਲੋਕਾਂ ਦੁਆਰਾ ਵੀਡੀਓ ਵਿੱਚ ਕੈਦ ਕਰ ਲਿਆ ਗਿਆ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਨਾਲ ਲੋਕਾਂ ਵਿੱਚ ਘਟਨਾ ਸਬੰਧੀ ਭਾਰੀ ਰੋਸ ਹੈ। ਲੋਕ ਘੱਟ ਗਿਣਤੀ ਭਾਈਚਾਰਿਆਂ ਲਈ ਵਧੇਰੇ ਸੁਰੱਖਿਆ ਦੀ ਮੰਗ ਕੀਤੀ ਗਈ ਹੈ।