ਆਰ-ਪਾਰ ਦੀ ਲੜਾਈ ’ਤੇ ਉਤਰੇ ਇੰਜਨੀਅਰ
ਪਾਵਰ ਇੰਜਨੀਅਰਾਂ ਅਤੇ ਪੰਜਾਬ ਸਰਕਾਰ ਦਰਮਿਆਨ ਟਕਰਾਅ ਵਾਲੇ ਹਾਲਾਤ ਬਣਦੇ ਜਾ ਰਹੇ ਹਨ। ਡਾਇਰੈਕਟਰ ਨੂੰ ਹਟਾਉਣ ਤੇ ਚੀਫ ਇੰਜਨੀਅਰ ਨੂੰ ਮੁਅੱਤਲ ਕਰਨ ਮਗਰੋਂ ਹਰਮੋਹਨ ਕੌਰ ਚੀਫ ਇੰਜਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣ ਤੋਂ ਇੰਜਨੀਅਰ ਆਰ-ਪਾਰ ਦੀ ਲੜਾਈ ’ਤੇ ਉੱਤਰ ਆਏ ਹਨ। ਉਹ ਬਿਨਾਂ ਅਗਾਊਂ ਸੂਚਨਾ, ਪ੍ਰਵਾਨਗੀ ਜਾਂ ਸੱਦੇ ਤੋਂ ਪਾਵਰਕੌਮ ਦੇ ਡਾਇਰੈਕਟਰ (ਫਾਇਨਾਂਸ) ਦੇ ਕਮਰੇ ’ਚ ਜਾ ਵੜੇ। ਉੱਥੇ ਧਰਨਾ ਸ਼ੁਰੂ ਕਰਦਿਆਂ ਉਨ੍ਹਾਂ ਨੋਟਿਸ ਦੀ ਵਾਪਸੀ ਤੱਕ ਡਟੇ ਰਹਿਣ ਦਾ ਐਲਾਨ ਕਰ ਦਿੱਤਾ।
ਪਾਵਰ ਇੰਜਨੀਅਰ ਐਸੋਸੀਏਸ਼ਨ ਦੇ ਨੋਟਿਸ ਅਨੁਸਾਰ ਚੀਫ ਇੰਜਨੀਅਰ ਹਰਮੋਹਨ ਕੌਰ ਨੇ ਚਾਰ ਨਵੰਬਰ ਨੂੰ ਨਗਰ ਕੀਰਤਨ ਲਈ ਅੱਧੇ ਦਿਨ ਦੀ ਛੁੱਟੀ ਲਈ ਸੀ। ਉਸੇ ਦਿਨ 6 ਤੋਂ 21 ਨਵੰਬਰ ਤੱਕ ਹੋਰ ਛੁੱਟੀ ਲਈ ਅਰਜ਼ੀ ਭੇਜ ਦਿੱਤੀ, ਜੋ ਮੈਨੇਜਮੈਂਟ ਨੇ ਰੱਦ ਕਰ ਦਿੱਤੀ ਪਰ ਹਰਮੋਹਨ ਕੌਰ ਨੇ ਨਵੀਂ ਅਰਜ਼ੀ ਭੇਜੀ ਅਤੇ ਛੇ ਨਵੰਬਰ ਤੋਂ ਛੁੱਟੀ ’ਤੇ ਚਲੇ ਗਏ। ਇਸ ’ਤੇ ਮੈਨੇਜਮੈਂਟ ਨੇ ਦਰਸਾਇਆ ਕਿ ਪੰਜ ਨਵੰਬਰ ਨੂੰ ਸੁਪਰੀਮ ਕੋਰਟ ਦੇ ਮਹੱਤਵਪੂਰਨ ਕੇਸਾਂ ਦੀ ਤਿਆਰੀ ਲਈ ਰੱਖੀ ਮੀਟਿੰਗ ਸਣੇ ਛੇ ਨੂੰ ਲਿਸਟ ਹੋਏ ਕੇਸ ਦੀ ਫਾਈਨਲ ਸੁਣਵਾਈ ਦੌਰਾਨ ਹਾਜ਼ਰ ਨਾ ਰਹਿਣ ਦੇ ਹਵਾਲੇ ਨਾਲ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ।
ਇਸ ਤੋਂ ਖ਼ਫ਼ਾ ਅਦਾਰੇ ਦੇ ਇੰਜਨੀਅਰਾਂ ਨੇ ਅੱਜ ਇੱਥੇ ਇਹ ਧਰਨਾ ਦਿੱਤਾ। ਭਾਵੇਂ ਮੈਨੇਜਮੈਂਟ ਨੇ ਇਸ ਨੂੰ ਹਰ ਪੱਖ ਤੋਂ ਯੋਗ ਤਰੀਕੇ ਨਾਲ ਕੀਤੀ ਕਾਰਵਾਈ ਦੱਸਿਆ ਹੈ ਪਰ ਇੰਜਨੀਅਰ ਐਸੋਸੀਏਸ਼ਨ ਦੀ ਲੀਡਰਸ਼ਿਪ ਨੇ ਕਿਹਾ ਕਿ ਇਕੱਲਾ ਸੀ ਐੱਮ ਡੀ ਅਤੇ ਕੋਈ ਇਕੱਲਾ ਡਾਇਰੈਕਟਰ ਅਜਿਹਾ ਨੋਟਿਸ ਜਾਰੀ ਕਰਨ ਦਾ ਅਧਿਕਾਰ ਨਹੀਂ ਰੱਖਦਾ। ਅਜਿਹਾ ਨੋਟਿਸ ਡਾਇਰਕਟੋਰੇਟ ਵੱਲੋਂ ਹੀ ਜਾਰੀ ਕੀਤਾ ਜਾ ਸਕਦਾ ਹੈ। ਇੰਜਨੀਅਰਾਂ ਦੇ ਧਰਨੇ ਮਗਰੋਂ ਡਾਇਰੈਕਟਰ ਵੱਲੋਂ ਨੋਟਿਸ ਵਾਪਸ ਲੈਣ ਨਾਲ ਧਰਨਾ ਸਮਾਪਤ ਹੋ ਗਿਆ।
ਜਥੇਬੰਦੀ ਦੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਸਣੇ ਹੋਰ ਆਗੂਆਂ ਨੇ ਕਿਹਾ ਕਿ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਇੰਜਨੀਅਰਾਂ ਨੂੰ ਆਨੇ-ਬਹਾਨੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
