ਹੜ੍ਹ ਪੀੜਤਾਂ ਦੀ ਮਦਦ ਕਰ ਕੇ ਇੰਜਨੀਅਰ ਦਿਵਸ ਮਨਾਇਆ
‘ਕੌਂਸਲ ਆਫ ਡਿਪਲੋਮਾ ਇੰਜਨੀਅਰ ਪੰਜਾਬ’ ਦੇ ਝੰਡੇ ਹੇਠ ‘ਇੰਜਨੀਅਰ ਦਿਵਸ’ ਇਸ ਵਾਰ ਹੜ੍ਹ ਪੀੜਤਾਂ ਦੀ ਮਦਦ ਦੇ ਰੂਪ ਵਿੱਚ ਮਨਾਇਆ ਗਿਆ। ਜਥੇਬੰਦੀ ਦੇ ਸੂਬਾਈ ਚੇਅਰਮੈਨ ਕਰਮਜੀਤ ਬੀਹਲਾ ਅਤੇ ਸੁਖਮਿੰਦਰ ਲਵਲੀ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੁੱਢਾ ਜੀ ਰਾਮਦਾਸ ਸਮਾਧਾਂ ਵਿੱਚ ਇਕੱਠੇ ਹੋਏ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਦੇ ਇੰਜਨੀਅਰਾਂ ਨੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਲੋੜਵੰਦ ਪਰਿਵਾਰਾਂ ਲਈ ਬਿਸਤਰੇ, ਹੋਰ ਸਮੱਗਰੀ ਅਤੇ ਪਸ਼ੂਆਂ ਦੇ ਚਾਰੇ ਨਾਲ ਲੱਦੇ ਟਰੈਕਟਰ ਟਰਾਲੀਆਂ ਤੇ ਹੋਰ ਵਾਹਨ ਰਵਾਨਾ ਕੀਤੇ। ਜਥੇਬੰਦੀ ਦੇ ਸੂਬਾਈ ਚੇਅਰਮੈਨ ਕਰਮਜੀਤ ਬੀਹਲਾ ਅਤੇ ਸਰਪ੍ਰਸਤ ਸੁਖਮਿੰਦਰ ਲਵਲੀ ਨੇ ਦੱਸਿਆ ਕਿ ਅਜਨਾਲਾ ਖੇਤਰ ਵਿੱਚੋਂ ਸ਼ੁਰੂ ਕੀਤਾ ਗਿਆ ਇਹ ਸੂਬਾਈ ਪ੍ਰੋਗਰਾਮ ਪੰਜਾਬ ਦੇ ਹੋਰਨਾਂ ਖਿੱਤਿਆਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਇੱਕਠੀ ਕੀਤੀ ਰਾਸ਼ੀ ਕਿਸੇ ਨਾ ਕਿਸੇ ਰੂਪ ਵਿੱਚ ਹੜ੍ਹ ਪੀੜਤਾਂ ਲਈ ਖਰਚੀ ਜਾਵੇਗੀ। ਇੰਜਨੀਅਰ ਕਰਮਜੀਤ ਮਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ, ਭਵਨ ਅਤੇ ਜਲ ਸਰੋਤ ਪ੍ਰਬੰਧਨ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਦੇ ਇੰਜਨੀਅਰ ਸ਼ਾਮਲ ਹੋਏ। ਕੌਂਸਲ ਦੇ ਸੂਬਾਈ ਆਗੂ ਦਸ਼ਰਥ ਜਾਖੜ ਅਨੁਸਾਰ ਇਸ ਵਾਰ ਸਾਦਾ ਸਮਾਗਮ ਕਰਕੇ ਇੰਜਨੀਅਰ ਹੜ੍ਹ ਪੀੜਤਾਂ ਨਾਲ ਸਾਂਝ ਪਾ ਰਹੇ ਹਨ। ਕੌਂਸਲ ਦੇ ਸੂਬਾਈ ਆਗੂਆਂ ਗੁਰਵਿੰਦਰ ਸਿੰਘ (ਪ੍ਰਧਾਨ ਸੀਵਰੇਜ ਬੋਰਡ), ਸਤਨਾਮ ਸਿੰਘ ਧਨੋਆ, ਅਰਵਿੰਦ ਸੈਣੀ ਅਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਕੌਂਸਲ ਦੇ ਪਲੇਟਫਾਰਮ ’ਤੇ ਇਹ ਦਿਹਾੜਾ ਇਸ ਵਾਰ ਚੰਡੀਗੜ੍ਹ ਦੀ ਥਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਰਕਾਰਾਂ ਤੋਂ ਹੜ੍ਹ ਪੀੜਤਾਂ ਲਈ ਆਰਥਿਕ ਮਦਦ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਮੋਢੀ ਕਰਮਜੀਤ ਬੀਹਲਾ ਨੇ ਕਿਹਾ ਕਿ ਪੰਜਾਬ ਸਰਕਾਰ ਇੰਜਨੀਅਰਾਂ ਦੀਆਂ ਪੈਂਡਿੰਗ ਮੰਗਾਂ ਦਾ ਤੁਰੰਤ ਨਿਬੇੜਾ ਕਰੇ।