Encounter: ਪਠਾਨਕੋਟ ਪੁਲੀਸ ਅਤੇ ਕਾਰ ਸਵਾਰਾਂ ਵਿਚਾਲੇ ਮੁਕਾਬਲਾ
ਪਠਾਨਕੋਟ, 22 ਮਈ
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਬਿਆਸ ਦਰਿਆ ਦੇ ਪੁਲ ਨੇੜੇ ਲਾਏ ਨਾਕੇ ਦੌਰਾਨ ਪਠਾਨਕੋਟ ਤਰਫੋਂ ਜਾ ਰਹੀ ਇੱਕ ਵਰਨਾ ਕਾਰ ਵਿੱਚ ਸਵਾਰ ਕਥਿਤ ਤਸਕਰਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਗੋਲੀਆਂ ਚਲਾਈਆਂ। ਜਵਾਬੀ ਕਰਦਿਆਂ ਪੁਲੀਸ ਨੇ ਵੀ ਕਾਰ ਸਵਾਰਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਮੁਲਜ਼ਮ ਜ਼ਖ਼ਮੀ ਹੋ ਗਿਆ ਅਤੇ ਕਾਰ ਸਵਾਰ ਗੱਡੀ ਨੂੰ ਭਜਾ ਕੇ ਲੈ ਗਏ ਤੇ ਹਿਮਾਚਲ ਪ੍ਰਦੇਸ਼ ਦੇ ਇੰਦੌਰਾ ਵੱਲ ਚਲੇ ਗਏ।
ਪੁਲੀਸ ਟੀਮ ਨੇ ਮੁਲਜ਼ਮਾਂ ਦੀ ਪਿੱਛਾ ਕੀਤਾ। ਇੱਕ ਪੁਲੀਸ ਪਾਰਟੀ ਦੀ ਅਗਵਾਈ ਸੀਆਈਏ ਸਟਾਫ ਦੀ ਟੀਮ ਕਰ ਰਹੀ ਹੈ, ਜਦ ਕਿ ਦੂਸਰੀ ਪਾਰਟੀ ਦੀ ਅਗਵਾਈ ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਕਰ ਰਹੇ ਹਨ। ਇੰਦੌਰਾ ਵਿੱਚ ਹਸਪਤਾਲ ਨੇੜੇ ਕਾਰ ਸਵਾਰ ਜ਼ਖ਼ਮੀ ਨੂੰ ਉੱਥੇ ਲਾਹ ਕੇ ਚਲੇ ਗਏ ਅਤੇ ਪੁਲੀਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਹਸਪਤਾਲ ਵਿੱਚੋਂ ਜ਼ਖ਼ਮੀ ਨੂੰ ਨੂਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦ ਕਿ ਨੂਰਪੁਰ ਹਸਪਤਾਲ ਨੇ ਵੀ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਟਾਂਡਾ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ।
ਜ਼ਖ਼ਮੀ ਦੀ ਪਛਾਣ ਰਾਜੀਵ ਕੁਮਾਰ ਅੱਬੀ ਵਾਸੀ ਬਹਿਰਾਮਪੁਰ ਤਹਿਸੀਲ ਦੀਨਾਨਗਰ ਵਜੋਂ ਹੋਈ ਦੱਸੀ ਜਾ ਰਹੀ ਹੈ ਅਤੇ ਇਹ ਇਸ ਕਥਿਤ ਗਰੋਹ ਦਾ ਮੁਖੀ ਹੈ। ਪੁਲੀਸ ਨੇ ਕਾਰ ਸਵਾਰਾਂ ਦਾ ਪਿੱਛਾ ਕਰਦਿਆਂ ਦੂਜੇ ਕਥਿਤ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਸ਼ੈਵੀ ਵਾਸੀ ਟਾਂਡ, ਧੀਰਜ ਅਤੇ ਇੱਕ ਹੋਰ ਵਿਅਕਤੀ ਵਜੋਂ ਹੋਈ।
ਇਹ ਕਰੀਬ 12:30 ਵਜੇ ਦਾ ਮਾਮਲਾ ਹੈ ਅਤੇ ਗੋਲੀ ਚੱਲਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਤਸਕਰਾਂ ਨੂੰ ਕਾਬੂ ਕਰਨ ਲਈ ਪਠਾਨਕੋਟ ਦੇ ਆਲੇ-ਦੁਆਲੇ ਸਾਰੇ ਨਾਕਿਆਂ ਤੇ ਪੁਲੀਸ ਤਾਇਨਾਤ ਕਰ ਦਿੱਤੀ। ਘਟਨਾ ਸਥਾਨ ਵਾਲੇ ਨਾਕੇ ’ਤੇ ਐੱਸਪੀ ਜਸਤਿੰਦਰ ਸਿੰਘ ਤੇ ਥਾਣਾ ਮੁਖੀ ਦਵਿੰਦਰ ਕਾਸ਼ਨੀ ਵੀ ਪੁੱਜੇ ਤੇ ਉਨ੍ਹਾਂ ਤਾਇਨਾਤ ਪੁਲੀਸ ਮੁਲਾਜ਼ਮਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਆਰੰਭ ਦਿੱਤੀ ਤਾਂ ਜੋ ਐੱਫਆਈਆਰ ਦਰਜ ਕੀਤੀ ਜਾ ਸਕੇ।
ਨਾਕੇ ’ਤੇ ਤਾਇਨਾਤ ਏਐੱਸਆਈ ਦਲਬੀਰ ਸਿੰਘ ਅਤੇ ਹੌਲਦਾਰ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਠਾਨਕੋਟ ਸੀਆਈਏ ਸਟਾਫ ਤੋਂ ਫੋਨ ਆਇਆ ਕਿ ਇੱਕ ਜੰਮੂ ਕਸ਼ਮੀਰ ਨੰਬਰੀ ਵਰਨਾ ਕਾਰ ਨੰਬਰ-ਜੇਕੇ 06 ਸੀਟੀ-0369 ਨੂੰ ਰੋਕਿਆ ਜਾਵੇ। ਉਨ੍ਹਾਂ ਨਾਕੇ ’ਤੇ ਪਠਾਨਕੋਟ ਤਰਫੋਂ ਜਲੰਧਰ ਜਾ ਰਹੇ ਸਾਰੇ ਟਰੈਫਿਕ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਤਾਂ ਗੱਡੀਆਂ ਦੀ ਲਾਈਨ ਲੱਗ ਗਈ। ਇੰਨੇ ਨੂੰ ਵਰਨਾ ਕਾਰ ਵੀ ਪੁੱਜ ਗਈ ਤਾਂ ਉਸ ਦਾ ਪਿੱਛਾ ਕਰ ਰਹੀ ਸੀਆਈਏ ਟੀਮ ਦੇ ਪੁਲੀਸ ਮੁਲਾਜ਼ਮਾਂ ਨੇ ਕਾਹਲੀ ਵਿੱਚ ਉਤਰ ਕੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇੱਕ ਮੁਲਾਜ਼ਮ ਨੇ ਵਰਨਾ ਕਾਰ ਦੀ ਬਾਰੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਸਵਾਰ ਕਥਿਤ ਤਸਕਰ ਨੇ ਉਸ ’ਤੇ ਗੋਲੀ ਚਲਾ ਦਿੱਤੀ। ਪੁਲੀਸ ਮੁਲਾਜ਼ਮ ਤੁਰੰਤ ਝੁਕ ਗਿਆ ਤੇ ਗੋਲੀ ਉਸ ਉਪਰੋਂ ਲੰਘ ਗਈ। ਤੁਰੰਤ ਟੀਮ ਨੇ ਵੀ ਕਾਰ ਅੰਦਰ ਬੈਠੇ ਮੁਲਜ਼ਮਾਂ ’ਤੇ ਗੋਲੀ ਚਲਾ ਦਿੱਤੀ।
ਹੌਲਦਾਰ ਰੂਪ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਗੱਡੀ ਨੂੰ ਤੁਰੰਤ ਪਿੱਛੇ ਮੋੜਨ ਲੱਗਾ ਤਾਂ ਉਸ ਨੇ ਕਾਰ ਦੇ ਬੋਨਟ ’ਤੇ ਚੜ੍ਹ ਕੇ ਆਪਣੀ ਅਸਾਲਟ ਰਾਈਫਲ ਕਾਰ ਦੇ ਮੂਹਰਲੇ ਸ਼ੀਸ਼ੇ ’ਤੇ ਮਾਰੀ ਅਤੇ ਸ਼ੀਸ਼ਾ ਟੁੱਟ ਗਿਆ ਪਰ ਮੁਲਜ਼ਮ ਕਾਰ ਨੂੰ ਭਜਾ ਕੇ ਲੈ ਗਏ।
ਚਾਰੋਂ ਮੁਲਜ਼ਮ ਗ੍ਰਿਫ਼ਤਾਰ ਕੀਤੇ: ਡੀਐੱਸਪੀ
ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ, ਜੋ ਕਿ ਇੰਦੌਰਾ ਗਏ ਹੋਏ ਹਨ, ਨੇ ਫੋਨ ’ਤੇ ਦੱਸਿਆ ਕਿ ਚਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ। ਮੁੱਖ ਮੁਲਜ਼ਮ ਜ਼ਖ਼ਮੀ ਹੋਇਆ ਰਾਜੀਵ ਕੁਮਾਰ ਅੱਬੀ ਹੈ, ਦੂਜੇ ਦਾ ਨਾਂ ਸ਼ੈਵੀ ਵਾਸੀ ਟਾਂਡਾ, ਤੀਸਰੇ ਦਾ ਨਾਂ ਧੀਰਜ ਵਾਸੀ ਕਠੂਆ (ਜੰਮੂ-ਕਸ਼ਮੀਰ) ਹੈ, ਜਦ ਕਿ ਚੌਥਾ ਇੰਦੌਰਾ ਦਾ ਹੀ ਰਹਿਣ ਵਾਲਾ ਹੈ।