ਮੁਲਾਜ਼ਮਾਂ ਵੱਲੋਂ ਲਘੂ ਉਦਯੋਗ ਨਿਗਮ ਨੂੰ ਬਚਾਉਣ ਦਾ ਸੱਦਾ
ਕੁਲਦੀਪ ਸਿੰਘ
ਪੀ ਐੱਸ ਆਈ ਈ ਸੀ ਸਟਾਫ਼ ਐਸੋਸੀਏਸ਼ਨ ਵੱਲੋਂ ਅੱਜ ਮੁੱਖ ਦਫ਼ਤਰ ਉਦਯੋਗ ਭਵਨ ਸੈਕਟਰ 17 ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ ਜਿਸ ਵਿਚ ਜਥੇਬੰਦੀ ਦੇ ਪ੍ਰਧਾਨ ਦੀਪਾ ਰਾਮ, ਜਨਰਲ ਸਕੱਤਰ ਤਾਰਾ ਸਿੰਘ, ਬਲਵੰਤ ਸਿੰਘ ਸਮੇਤ ਰਿਟਾਇਰੀ ਮੁਲਾਜ਼ਮਾਂ ਦੇ ਆਗੂ ਕੁਲਵਿੰਦਰ ਸਿੰਘ, ਮਨਸਾ ਰਾਮ, ਦਲਬੀਰ ਸਿੰਘ ਆਦਿ ਨੇ ਕਿਹਾ ਕਿ ਅੱਜ ਅਦਾਰੇ ਨੂੰ ਬਚਾਉਣ ਦੀ ਲੜਾਈ ਦਾ ਸਵਾਲ ਹੈ ਅਤੇ ਇਸ ਲਈ ਸਮੂਹ ਬੋਰਡਾਂ ਤੇ ਕਾਰਪੋਰੇਸ਼ਨਾਂ ਨੂੰ ਇਕੱਠੇ ਹੋ ਕੇ ਯਤਨ ਕਰਨੇ ਪੈਣਗੇ।
ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਨਿਗਮ ਨੂੰ ਖੋਰਾ ਲਾਉਣਾ ਬੰਦ ਕਰਨਾ, ਨਿਗਮ ਦੇ ਫੰਡਾਂ ਦਾ ਸਰਕਾਰੀ ਖਜ਼ਾਨੇ ਵਿੱਚ ਟਰਾਂਸਫਰ ਕਰਨ ’ਤੇ ਰੋਕ ਲਾਉਣਾ, 25 ਪ੍ਰਤੀਸ਼ਤ ਹਾਊਸ ਰੈਂਟ ਬਹਾਲ ਕਰਨਾ, 1 ਜੁਲਾਈ 2013 ਤੋਂ ਰੈਗੂਲਰ ਮੁਲਾਜ਼ਮਾਂ ਲਈ ਪ੍ਰਮੋਸ਼ਨ ਪਾਲਿਸੀ ਬਣਾਉਣ, ਨਵੀਂ ਭਰਤੀ ਚਾਲੂ ਕਰਨਾ, ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮਾਂ ਦਾ ਈ.ਪੀ.ਐੱਫ. ਕੱਟਣਾ ਅਤੇ ਹੋਰ ਸਹੂਲਤਾਂ ਦੇਣਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵਿਰੁੱਧ ਸੰਘਰਸ਼ ਦੇ ਰਾਹ ’ਤੇ ਹੈ ਜਿਸ ਕਰ ਕੇ ਨਿਗਮ ਦੇ ਕਰੋੜਾਂ ਰੁਪਏ ਦੇ ਫੰਡਾਂ ਨੂੰ ਪੰਜਾਬ ਸਰਕਾਰ ਦੇ ਖਾਤੇ ਵਿੱਚ ਤਬਦੀਲ ਕਰਨ ਅਤੇ ਨਿੱਜੀਕਰਨ ਦੀ ਭੱਠੀ ਵਿੱਚ ਝੋਕਣ ਦਾ ਮੁਲਾਜ਼ਮ ਐਸੋਸੀਏਸ਼ਨ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਇਸ ਨਿਗਮ ਦਾ 500 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿੱਚ ਤਬਦੀਲ ਕਰਨਾ ਚਾਹੁੰਦੀ ਸੀ ਪ੍ਰੰਤੂ ਮੁਲਾਜ਼ਮ ਇਸ ਉਤੇ ਰੋਕ ਲਗਾਉਣ ਵਿੱਚ ਸਫ਼ਲ ਹੋ ਗਏ। ਰੈਲੀ ਨੂੰ ਇੰਦਰਜੀਤ ਸਿੰਘ ਡੇਲੀਵੇਜ਼ ਯੂਨੀਅਨ ਸਿੱਖਿਆ ਬੋਰਡ, ਸੀਮਾ ਰਾਣੀ ਜਨਰਲ ਸਕੱਤਰ ਆਸ਼ਾ ਵਰਕਰ, ਗੁਰਪ੍ਰੀਤ ਕੌਰ ਆਂਗਨਵਾੜੀ ਯੂਨੀਅਨ, ਰਾਜ ਕੁਮਾਰ ਜਨਰਲ ਸਕੱਤਰ ਬੋਰਡ ਕਾਰਪੋਰੇਸ਼ਨ ਮਹਾਂਸੰਘ ਅਤੇ ਚੰਦਰ ਸ਼ੇਖਰ ਪ੍ਰਧਾਨ ਸੀਟੂ ਪੰਜਾਬ ਨੇ ਵੀ ਸੰਬੋਧਨ ਕੀਤਾ। ਨਿਗਮ ਐੱਮ ਡੀ ਸੁਰਭੀ ਮਲਿਕ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਦੀਪਾ ਰਾਮ ਨੇ ਐਲਾਨ ਕੀਤਾ ਕਿ ਜਥੇਬੰਦੀ ਦੇ ਕਾਰਕੁੰਨ ਅਗਲੇ ਮਹੀਨੇ ਪੱਕਾ ਮੋਰਚਾ ਲਾਉਣਗੇ।
