ਰਾਜਪਾਲ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਮੁਲਾਜ਼ਮ ਤੇ ਪੈਨਸ਼ਨਰ
ਕੁਲਦੀਪ ਸਿੰਘ
ਚੰਡੀਗੜ੍ਹ, 3 ਜਨਵਰੀ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਵੱਲ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪੈਦਲ ਰੋਸ ਮਾਰਚ ਕਰਨ ਮੌਕੇ ਚੰਡੀਗੜ੍ਹ ਪੁਲੀਸ ਵੱਲੋਂ ‘ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਦੇ ਕਈ ਆਗੂਆਂ ਖ਼ਿਲਾਫ਼ ਦਰਜ ਕੀਤੇ ਕੇਸ ਰੱਦ ਕਰਵਾਉਣ ਅਤੇ ਮੁਲਾਜ਼ਮ/ਪੈਨਸ਼ਨਰ ਮੰਗਾਂ ਬਾਬਤ ਗੱਲ ਕਰਨ ਲਈ ਅੱਜ ਫਰੰਟ ਦੇ ਵੱਡੀ ਗਿਣਤੀ ਆਗੂ ਚੰਡੀਗੜ੍ਹ ਪਹੁੰਚੇ। ਗਵਰਨਰ ਹਾਊਸ ਨੇੜੇ ਸੁਖਨਾ ਝੀਲ ਉੱਤੇ ਇਕੱਤਰ ਹੋਏ ਇਨ੍ਹਾਂ ਸੀਨੀਅਰ ਆਗੂਆਂ ਦੀ ਭਿਣਕ ਪੈਂਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਜਿਸ ਦੌਰਾਨ ਪੁਲੀਸ ਵੱਲੋਂ ਫਰੰਟ ਦੀ ਐੱਸਐੱਸਪੀ ਚੰਡੀਗੜ੍ਹ ਨਾਲ ਮੁਲਾਕਾਤ ਕਰਵਾਈ ਗਈ।
ਫਰੰਟ ਦੇ ਕਨਵੀਨਰ ਸਤੀਸ਼ ਰਾਣਾ, ਜਰਮਨਜੀਤ ਸਿੰਘ, ਕਰਮ ਸਿੰਘ ਧਨੋਆ, ਬਾਜ ਸਿੰਘ ਖਹਿਰਾ, ਸੁਰਿੰਦਰ ਪਾਲ ਸਿੰਘ ਮੋਲੋਵਾਲੀ, ਰਣਜੀਤ ਸਿੰਘ ਰਾਣਵਾਂ, ਭਜਨ ਸਿੰਘ ਗਿੱਲ, ਐੱਨ.ਕੇ. ਕਲਸੀ, ਕੋ-ਕਨਵੀਨਰ ਜਗਦੀਸ਼ ਚਾਹਲ, ਜਸਵੀਰ ਤਲਵਾੜਾ, ਰਾਧੇ ਸ਼ਿਆਮ, ਕਰਮਜੀਤ ਸਿੰਘ ਬੀਹਲਾ ਤੇ ਦਿਗਵਿਜੇਪਾਲ ਸ਼ਰਮਾ ਆਦਿ ਨੇ ਐੱਸਐੱਸਪੀ (ਚੰਡੀਗੜ੍ਹ) ਨੂੰ ਦੱਸਿਆ ਕਿ 3 ਸਤੰਬਰ 2024 ਨੂੰ ਸੈਕਟਰ 39 ਤੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਲੋਕਤੰਤਰੀ ਢੰਗ ਨਾਲ ਕੀਤੇ ਗਏ ਮਾਰਚ ਦੌਰਾਨ 18 ਕਨਵੀਨਰਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਗਿਆ ਸੀ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੱਕੇਸ਼ਾਹੀ ਸੀ। ਉਨ੍ਹਾਂ ਕਿਹਾ ਕਿ ਫਰੰਟ ਦੀ ਮੰਗ ਹੈ ਕਿ ਰਾਜਪਾਲ ਨਾਲ ਮੁਲਾਕਾਤ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਪੁਲੀਸ ਕੇਸ ਰੱਦ ਕਰਵਾਉਣ ਬਾਰੇ ਮੀਟਿੰਗ ਦਾ ਸਮਾਂ ਦਿਵਾਇਆ ਜਾਵੇ।
ਐੱਸਐੱਸਪੀ ਨੇ ਫਰੰਟ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਜਲਦ ਹੀ ਸਮਾਂ ਲੈ ਕੇ ਰਾਜਪਾਲ ਨਾਲ ਫਰੰਟ ਦੇ ਵਫ਼ਦ ਦੀ ਮੀਟਿੰਗ ਕਰਵਾਈ ਜਾਵੇਗੀ।
18 ਜਨਵਰੀ ਨੂੰ ਅਗਲੇ ਸੰਘਰਸ਼ ਦਾ ਐਲਾਨ ਕਰਨ ਦੀ ਚਿਤਾਵਨੀ
ਫਰੰਟ ਦੇ ਆਗੂਆਂ ਨੇ ਕਿਹਾ ਕਿ 18 ਜਨਵਰੀ ਨੂੰ ਈਸੜੂ ਭਵਨ ਲੁਧਿਆਣਾ ਵਿੱਚ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।