ਬਿਜਲੀ ਕਰਮਚਾਰੀ ਕਰੰਟ ਲੱਗਣ ਨਾਲ ਗੰਭੀਰ ਜ਼ਖ਼ਮੀ
ਇੱਥੇ ਬਿਜਲੀ ਦੀ ਬੰਦ ਸਪਲਾਈ ਦੀ ਬਹਾਲੀ ਕਰਨ ਸਮੇਂ ਇੱਕ ਪ੍ਰਾਈਵੇਟ ਬਿਜਲੀ ਕਰਮਚਾਰੀ ਕਰੰਟ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸਾ ਇੱਥੇ ਲੋਹਗੜ੍ਹ ਰੋਡ ਉਪਰ ਉਸ ਵੇਲੇ ਵਾਪਰਿਆ ਜਦੋਂ ਕੰਵਲਜੀਤ ਸਿੰਘ ਉਰਫ ਵਿੱਕੀ ਨਾਮੀ ਪ੍ਰਾਈਵੇਟ ਬਿਜਲੀ ਕਾਮਾ ਜੇਈ ਰਵਿੰਦਰ ਕੁਮਾਰ ਦੇ ਕਹਿਣ ਉੱਤੇ ਟੁੱਟੇ ਖੰਭਿਆਂ ਤੋਂ ਰਾਈਸ ਮਿੱਲਾਂ ਲਈ ਬਿਜਲੀ ਸਪਲਾਈ ਬਹਾਲ ਕਰਨ ਦਾ ਯਤਨ ਕਰ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਲੰਘੀ 30 ਸਤੰਬਰ ਨੂੰ ਭਾਰਤ ਮਾਲਾ ਪ੍ਰੋਜੈਕਟ ਅਧੀਨ ਸੜਕ ਉਪਰ ਮਿੱਟੀ ਦੀ ਢੋਆ ਢੁਆਈ ਕਰ ਰਹੇ ਇੱਕ ਟਰੱਕ ਨੇ ਬਿਜਲੀ ਦੇ ਦੋ ਖੰਭੇ ਤੋੜ ਦਿੱਤੇ ਸਨ। ਜਿਸ ਸਦਕਾ ਲੋਹਗੜ੍ਹ ਵਾਲੀ ਸੜਕ ਉਪਰ ਸਥਿਤ ਤਿੰਨ ਰਾਈਸ ਮਿੱਲਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਨ੍ਹਾਂ ਦੀ ਸ਼ਿਕਾਇਤ ਉੱਤੇ ਜੇਈ ਰਵਿੰਦਰ ਕੁਮਾਰ ਨੇ ਬਗੈਰ ਕਾਗਜ਼ੀ ਕਾਰਵਾਈ ਤੋਂ ਬਿਜਲੀ ਸਪਲਾਈ ਦੀ ਬਹਾਲੀ ਲਈ ਫੋਨ ਉੱਤੇ ਪ੍ਰਾਈਵੇਟ ਕਾਮੇ ਨੂੰ ਬੁਲਾਕੇ ਉੱਥੇ ਭੇਜ ਦਿੱਤਾ।
ਜਦੋਂ ਉਕਤ ਕਰਮਚਾਰੀ ਦੋ ਖੰਭਿਆਂ ਵਿਚਾਲੇ ਲਗਾਈ ਸਵਿੱਚ ਬੰਦ ਕਰਕੇ ਉਪਰ ਚੜ੍ਹਿਆ ਤਾਂ ਪਿੱਛੋਂ ਸਪਲਾਈ ਚੱਲਦੀ ਹੋਣ ਸਦਕਾ ਕਰੰਟ ਦੀ ਲਪੇਟ ਵਿਚ ਆ ਗਿਆ। ਰਾਈਸ ਮਿੱਲ ਮਾਲਕਾਂ ਨੇ ਬਿਜਲੀ ਸਪਲਾਈ ਬੰਦ ਕਰਵਾਕੇ ਖੰਭਿਆਂ ਉੱਪਰ ਲਟਕ ਰਹੇ ਉਕਤ ਨੌਜਵਾਨ ਨੂੰ ਹੇਠਾਂ ਉਤਾਰਿਆ ਅਤੇ ਐਂਬੂਲੈਂਸ ਰਾਹੀਂ ਮੋਗਾ ਦੇ ਨਿੱਜੀ ਹਸਪਤਾਲ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਇੱਕ ਲੱਤ ਵੀ ਕੱਟਣੀ ਪਈ।
ਬਿਜਲੀ ਕਾਮੇ ਨੇ ਦੱਸਿਆ ਕਿ ਉਹ ਸਲੀਨੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਪ ਮੰਡਲ ਬਿਜਲੀ ਦਫ਼ਤਰ ਧਰਮਕੋਟ ਵਿਖੇ ਪ੍ਰਾਈਵੇਟ ਤੌਰ ’ਤੇ ਬਤੋਰ ਬਿਜਲੀ ਕਰਮਚਾਰੀ ਕੰਮ ਕਰਦਾ ਹੈ।
ਉਸਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸਨੂੰ ਜੇਈ ਰਵਿੰਦਰ ਕੁਮਾਰ ਨੇ ਲੋਹਗੜ੍ਹ ਰੋਡ ਉਪਰ ਬੰਦ ਸਪਲਾਈ ਚਾਲੂ ਕਰਨ ਲਈ ਸੱਦਿਆ ਸੀ। ਉਸ ਮੁਤਾਬਕ ਬਿਜਲੀ ਦੀ ਪਿੱਛੋਂ ਬੰਦ ਸਪਲਾਈ ਦੇ ਭਰੋਸੇ ਤੋਂ ਬਾਅਦ ਉਹ ਖੰਭੇ ਉੱਤੇ ਚੜ੍ਹਿਆ ਸੀ ਪਰ ਸਪਲਾਈ ਚਾਲੂ ਹੋਣ ਸਦਕਾ ਇਹ ਹਾਦਸਾ ਵਾਪਰ ਗਿਆ।
ਜੇਈ ਰਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਹ ਨੌਜਵਾਨ ਵਿੱਕੀ ਦਾ ਇਲਾਜ ਕਰਵਾ ਰਹੇ ਹਨ ਅਤੇ ਅੱਜ ਵੀ ਉਹ ਪਰਿਵਾਰ ਨਾਲ ਨੌਜਵਾਨ ਨੂੰ ਉਚ ਇਲਾਜ ਲਈ ਪੀਜੀਆਈ ਚੰਡੀਗੜ੍ਹ ਲੈਕੇ ਜਾ ਰਹੇ ਹਨ।