ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਵਿੱਚ ਬਿਜਲੀ ਦੀ ਖਪਤ ਵਧੀ

ਬਣਾਂਵਾਲਾ ਤਾਪਘਰ ਕਰ ਰਿਹੈ ਸਭ ਨਾਲੋਂ ਵੱਧ ਪੈਦਾਵਾਰ; ਲਹਿਰਾ ਮੁਹੱਬਤ ਅਤੇ ਰੋਪੜ ਤਾਪਘਰ ਦਾ ਇੱਕ-ਇੱਕ ਯੂਨਿਟ ਬੰਦ
ਬਣਾਂਵਾਲਾ ਤਾਪ ਘਰ ਦੇ ਤਿੰਨੋਂ ਠੰਢੇ ਟਾਵਰਾਂ ਵਿੱਚੋਂ ਨਿਕਲ ਰਹੀ ਭਾਫ਼।
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 19 ਮਈ

Advertisement

ਪੰਜਾਬ ਵਿੱਚ ਬਿਜਲੀ ਦੀ ਵਧੀ ਖਪਤ ਨਾਲ ਨਜਿੱਠਣ ਲਈ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵੱਲੋਂ ਸੂਬੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਦੀ ਪੈਦਾਵਾਰ ਕੀਤੀ ਜਾਣ ਲੱਗੀ ਹੈ। ਪ੍ਰਾਈਵੇਟ ਤਾਪਘਰਾਂ ਵੱਲੋਂ ਕੁੱਲ 3017 ਮੈਗਾਵਾਟ ਦਾ ਉਤਪਾਦਨ ਕੀਤਾ ਗਿਆ, ਜਦੋਂਕਿ ਇਨ੍ਹਾਂ ਤਿੰਨਾਂ ਦੀ ਕੁੱਲ ਸਮਰੱਥਾ 3380 ਮੈਗਾਵਾਟ ਹੈ। ਰਾਜ ਵਿੱਚ ਤਿੰਨ ਸਰਕਾਰੀ ਤਾਪਘਰਾਂ ਵੱਲੋਂ ਸਿਰਫ਼ 1406 ਮੈਗਾਵਾਟ ਬਿਜਲੀ ਹੀ ਸ਼ਾਮ ਵੇਲੇ ਪੈਦਾ ਕੀਤੀ ਗਈ, ਜਦੋਂ ਤਿੰਨ ਤਾਪਘਰਾਂ ਦੀ ਸਮਰੱਥਾ 2300 ਮੈਗਾਵਾਟ ਹੈ।

ਤਲਵੰਡੀ ਸਾਬੋ ਪਾਵਰ ਪਲਾਂਟ (ਟੀਐੱਸਪੀਐੱਲ) ਦੇ ਯੂਨਿਟ ਨੰਬਰ-1 ਤੋਂ 570, ਯੂਨਿਟ-2 ਤੋਂ 573 ਅਤੇ ਯੂਨਿਟ-3 ਤੋਂ 565 ਮੈਗਾਵਾਟ ਬਿਜਲੀ ਪੈਦਾ ਹੋਣ ਕਾਰਨ ਹੁਣ ਇਹ ਤਾਪਘਰ ਰਾਜ ਨੂੰ ਸਭ ਤੋਂ ਜ਼ਿਆਦਾ 1708 ਮੈਗਾਵਾਟ ਬਿਜਲੀ ਦੇਣ ਵਾਲਾ ਥਰਮਲ ਪਲਾਂਟ ਬਣ ਗਿਆ ਹੈ। ਇਸ ਤਾਪਘਰ ਦੇ ਇਸ ਵੇਲੇ ਤਿੰਨੋਂ ਯੂਨਿਟ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਗਈ ਹੈ। ਟੀਐੱਸਪੀਐੱਲ ਦੇ ਸੀਈਓ ਵਿਕਾਸ ਸ਼ਰਮਾ ਦਾ ਕਹਿਣਾ ਹੈ ਕਿ ਕੋਇਲੇ ਦੀ ਘਾਟ ਸਣੇ ਕਈ ਹੋਰ ਤਕਲੀਫਾਂ ਨਾਲ ਜੂਝਣ ਦੇ ਬਾਵਜੂਦ ਹੁਣ ਪੰਜਾਬ ਲਈ ਬਿਜਲੀ ਪੈਦਾਵਾਰ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ। ਇਸੇ ਤਰ੍ਹਾਂ ਜੀਜੀਐੱਸਐੱਸਟੀਪੀ ਰੋਪੜ ਤਾਪਘਰ ਦੇ 6 ਵਿਚੋਂ ਦੋ ਯੂਨਿਟ ਪਹਿਲਾਂ ਹੀ ਬੰਦ ਹਨ, ਬਾਕੀਆਂ ਵਿਚੋਂ ਯੂਨਿਟ ਨੰਬਰ-3 ਵੱਲੋਂ 158, ਯੂਨਿਟ ਨੰ. 4 ਵੱਲੋਂ 153, ਯੂਨਿਟ ਨੰ. 5 ਵੱਲੋਂ 152, ਯੂਨਿਟ ਨੰਬਰ-6 ਵੱਲੋਂ 157 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। 840 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਘਰ ਵੱਲੋਂ ਲਗਪਗ 621 ਮੈਗਾਵਾਟ ਬਿਜਲੀ ਸਪਲਾਈ ਅੱਜ ਦਿੱਤੀ ਗਈ ਹੈ।

ਮਾਲਵਾ ਖੇਤਰ ਦੇ ਇੱਕ ਹੋਰ ਵੱਡੇ ਤਾਪਘਰ ਜੀਐੱਚਟੀਪੀ ਲਹਿਰਾ ਮੁਹੱਬਤ ਦੇ ਚਾਰ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਯੂਨਿਟ ਵੱਲੋਂ 187,183, 230 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਇਸ ਦੀ ਕੁੱਲ ਸਮਰੱਥਾ 599 ਮੈਗਾਵਾਟ ਹੈ। ਉਧਰ, ਗੁਰੂ ਹਰਗੋਬਿੰਦ ਥਰਮਲ ਪਲਾਂਟ ਗੋਵਿੰਦਵਾਲ ਦਾ ਯੂਨਿਟ ਨੰਬਰ-2 ਬੰਦ ਹੈ ਅਤੇ ਉਸ ਦਾ ਯੂਨਿਟ ਨੰਬਰ-1 250 ਮੈਗਾਵਾਟ ਬਿਜਲੀ ਸਪਲਾਈ ਦੇ ਸਕਿਆ ਹੈ, ਜਦੋਂ ਤਾਪਘਰ ਦੀ ਕੁੱਲ ਸਮਰੱਥਾ 540 ਮੈਗਾਵਾਟ ਹੈ।

ਦੂਜੇ ਪਾਸੇ ਪ੍ਰਾਈਵੇਟ ਸੈਕਟਰ ਦੇ ਤਾਪਘਰ ਐੱਲ ਐਂਡ ਟੀ ਰਾਜਪੁਰਾ ਵੱਲੋਂ ਯੂਨਿਟ ਨੰਬਰ-1 ਵੱਲੋਂ 659 ਅਤੇ ਯੂਨਿਟ ਨੰਬਰ-2 ਵੱਲੋਂ 650 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ ਹੈ, ਜਦੋਂ ਕਿ ਇਸ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ।

Advertisement
Show comments