ਪੰਜਾਬ ਦਾ ਸਿਆਸੀ ਭਵਿੱਖ ਤੈਅ ਕਰੇਗੀ ਚੋਣ: ਬਾਜਵਾ
ਪੰਜਾਬ ਕਾਂਗਰਸ ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਅੱਜ ਪ੍ਰਚਾਰ ਕਰਨ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪੰਜਾਬ ਦਾ ਸਿਆਸੀ ਭਵਿੱਖ ਇਹ ਜ਼ਿਮਨੀ ਚੋਣ ਤੈਅ ਕਰੇਗੀ। ਉਨ੍ਹਾਂ ਪਾਰਟੀ ਉਮੀਦਵਾਰ ਲਈ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ।
ਸ੍ਰੀ ਵੜਿੰਗ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਵੋਟ ਲੋਕਾਂ ਨਾਲ ਰਹਿਣ ਵਾਲੇ ਵਿਅਕਤੀ ਨੂੰ ਪਾਉਣੀ ਹੈ ਜਾਂ ਜੇਲ੍ਹ ’ਚ ਰਹਿਣ ਵਾਲੇ ਨੂੰ। ਉਨ੍ਹਾਂ ਢੁਕਵਾਂ ਉਮੀਦਵਾਰ ਨਾ ਲੱਭਣ ’ਤੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ, ਜਦਕਿ ‘ਆਪ’ ਉਮੀਦਵਾਰ ਨੂੰ ਵੜਿੰਗ ਨੇ ਦਲ ਬਦਲੂ ਦੱਸਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਦੇਸ਼ ਤੇ ਸੂਬੇ ਨੂੰ ਮਜ਼ਬੂਤ ਕਰਨ ਤੇ ਫੁੱਟ ਪਾਊ ਤਾਕਤਾਂ ਨੂੰ ਹਰਾਉਣ ਲਈ ਵਿਚਾਰਧਾਰਕ ਲੜਾਈ ਬਣਨ ਜਾ ਰਹੀ ਹੈ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ੋਮਣੀ ਅਕਾਲੀ ਦਲ ’ਤੇ ਅਫ਼ਸੋਸ ਹੈ ਕਿ ਇਤਿਹਾਸਕ ਪਿਛੋਕੜ ਵਾਲੀ ਪਾਰਟੀ ਨੇ ਗੈਂਗਸਟਰਾਂ ਨਾਲ ਜੁੜੇ ਇੱਕ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜ਼ਿਮਨੀ ਚੋਣ ਦੇ ਸਬੰਧ ਵਿੱਚ ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਨੂੰ ਸਥਿਰ ਰੱਖਣ ਵਾਲੀਆਂ ਤਾਕਤਾਂ ਅਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਵਿਚਕਾਰ ਲੜਾਈ ਹੈ। ਇਹ ਜ਼ਿਮਨੀ ਚੋਣ ਤੈਅ ਕਰੇਗੀ ਕਿ ਪੰਜਾਬ ਕਿਸ ਪਾਸੇ ਜਾ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਨੇ ਉਨ੍ਹਾਂ ਤਾਕਤਾਂ ਦੇ ਉਭਾਰ ਵਿਰੁੱਧ ਚੇਤਾਵਨੀ ਦਿੱਤੀ ਜੋ ਪੰਜਾਬ ਨੂੰ ਉਸੇ ਹਨ੍ਹੇਰੇ ਵਿੱਚ ਧੱਕਣਾ ਚਾਹੁੰਦੀਆਂ ਹਨ, ਜਦੋਂ ਲਗਪਗ 35,000 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਬਟਾਲਾ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੀ ਹਾਲ ਹੀ ਦੀ ਘਟਨਾ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਬਾਜਵਾ ਨੇ ਨਾ ਸਿਰਫ਼ ਤਰਨ ਤਾਰਨ ਦੇ ਲੋਕਾਂ ਨੂੰ, ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਦੀ ਸ਼ਾਂਤੀ ਅਤੇ ਤਰੱਕੀ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਪਾਰਟੀ ਹੀ ਅਜਿਹਾ ਕਰਨ ਦੇ ਸਮਰੱਥ ਹੈ, ਕਿਉਂਕਿ ਇਸ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਤਰੱਕੀ ਨੂੰ ਬਹਾਲ ਤੇ ਮਜ਼ਬੂਤ ਕਰਨ ਲਈ ਆਪਣੇ ਆਗੂਆਂ ਅਤੇ ਵਰਕਰਾਂ ਦੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਮੌਕੇ ਮੌਜੂਦ ਲੋਕਾਂ ਵਿੱਚ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ, ਓ ਪੀ ਸੋਨੀ, ਸੁਖਬਿੰਦਰ ਸਿੰਘ ਸਰਕਾਰੀਆ, ਪਰਗਟ ਸਿੰਘ, ਸੁਖਵਿੰਦਰ ਸਿੰਘ ਡੈਨੀ, ਜਸਬੀਰ ਸਿੰਘ ਡਿੰਪਾ, ਕੈਪਟਨ ਸੰਦੀਪ ਸੰਧੂ ਤੇ ਹੋਰ ਸ਼ਾਮਲ ਸਨ।