ਈ ਵੀ ਐੱਮ ਬਾਰੇ ਇਤਰਾਜ਼ ਦਾ ਜਵਾਬ ਦੇਵੇ ਚੋਣ ਕਮਿਸ਼ਨ: ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੂੜੇ ਦੇ ਢੇਰਾਂ ਅਤੇ ਭਾਜਪਾ ਆਗੂਆਂ ਦੇ ਘਰਾਂ ’ਚੋਂ ਕ੍ਰਮਵਾਰ ਵੀ ਵੀ ਪੈਟ ਅਤੇ ਈ ਵੀ ਐੱਮ ਦੀਆਂ ਪਰਚੀਆਂ ਮਿਲਣਾ ਚੋਣ ਕਮਿਸ਼ਨ ਦੇ ਕੰਮਕਾਜ ਦੇ ਨਾਲ-ਨਾਲ ਆਜ਼ਾਦ ਅਤੇ ਨਿਰਪੱਖ ਚੋਣਾਂ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਾਉਂਦਾ ਹੈ। ਈ ਵੀ ਐੱਮ ਸਬੰਧੀ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਚੋਣ ਕਮਿਸ਼ਨ ਜਵਾਬ ਦੇਵੇ ਅਤੇ ਭਾਜਪਾ ਵੱਲੋਂ ਈ ਵੀ ਐੱਮ ਦਾ ਗ਼ੈਰ-ਜ਼ਰੂਰੀ ਸਮਰਥਨ ਸ਼ੱਕੀ ਹੈ। ਮੁੱਖ ਮੰਤਰੀ ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਲਿਜਾਣ ਵਾਲੀਆਂ ਬੱਸਾਂ ਰਵਾਨਾ ਕਰਨ ਪੁੱਜੇ ਸਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਤਰਾ ਨੌਵੇਂ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ। ਯੋਜਨਾ ਦੀ ਸ਼ੁਰੂਆਤ 29 ਅਕਤੂਬਰ ਨੂੰ ਪਿੰਡ ਬਰੜਵਾਲ ਤੋਂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਸਥਲ, ਜੱਲ੍ਹਿਆਂਵਾਲਾ ਬਾਗ ਦੇ ਦਰਸ਼ਨ ਕਰਵਾਏ ਜਾਣਗੇ। ਯੋਜਨਾ ਸਾਰੀਆਂ ਜਾਤਾਂ, ਧਰਮਾਂ ਅਤੇ ਹਰ ਖਿੱਤੇ ਨਾਲ ਸਬੰਧਤ ਲੋਕਾਂ ਲਈ ਹੈ। ਸ਼ਰਧਾਲੂਆਂ ਨੂੰ ਡਾਕਟਰੀ ਸਹਾਇਤਾ ਤੇ ਸਹਾਇਕ ਤੋਂ ਇਲਾਵਾ ਏਸੀ ਬੱਸਾਂ, ਏਸੀ ਹੋਟਲ ਰਿਹਾਇਸ਼ ਅਤੇ ਖਾਣਾ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਕਾਂਗਰਸ ਮੁਖੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਇਸ ਕਾਰਨ ਉਹ ਗ਼ੈਰ-ਜ਼ਿੰਮੇਵਾਰ ਅਤੇ ਤਰਕਹੀਣ ਬਿਆਨ ਦੇ ਰਹੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਾਡੇ ਸੂਬੇ ਦੀ ਭਾਵਨਾਤਮਕ, ਸੱਭਿਆਚਾਰਕ, ਸਾਹਿਤਕ ਅਤੇ ਅਮੀਰ ਵਿਰਾਸਤ ਦਾ ਹਿੱਸਾ ਹੈ ਪਰ ਹੁਣ ਯੂਨੀਵਰਸਿਟੀ ਦੇ ਵਜੂਦ ਨੂੰ ਬਦਲਣ ਲਈ ਲਾਗਾਤਾਰ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦਿਆਂਗੇ। ਕਾਂਗਰਸ ਦੇ ਆਗੂ ਅਹੁਦਿਆਂ ਲਈ ਭਾਜਪਾ ’ਚ ਸ਼ਾਮਲ ਹੋਏ ਸਨ, ਉਹ ਸਿਰਫ਼ ‘ਸਜਾਵਟੀ ਮੰਤਰੀ’ ਹਨ ਕਿਉਂਕਿ ਉਨ੍ਹਾਂ ਕੋਲ ਕਿਸੇ ਵੀ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦੀ ਸ਼ਕਤੀ ਨਹੀਂ ਹੈ। ਜਯੋਤਿਰਦਿੱਤਿਆ ਸਿੰਧੀਆ, ਰਵਨੀਤ ਬਿੱਟੂ ਅਤੇ ਅਜਿਹੇ ਕਈ ਹੋਰਾਂ ਆਗੂਆਂ ਕੋਲ ਸੂਬਿਆਂ ਨੂੰ ਕੋਈ ਪ੍ਰਾਜੈਕਟ ਦੇਣ ਦੀ ਸ਼ਕਤੀ ਹੀ ਨਹੀਂ ਹੈ।
ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਮੈਂਬਰ ਵਕਫ ਬੋਰਡ ਡਾ. ਅਨਵਰ ਅਤੇ ਹੋਰ ਮੌਜੂਦ ਸਨ।
