ਪਸ਼ੂਆਂ ਨੂੰ ਖੇਤਾਂ ਵਿੱਚ ਵੜਨ ਤੋਂ ਰੋਕਣ ’ਤੇ ਬਜ਼ੁਰਗ ਦੀ ਹੱਤਿਆ
ਮੁਲਜ਼ਮ ਔਰਤ ਅਤੇ ਉਸ ਦੇ 2 ਪੁੱਤਰ ਗ੍ਰਿਫ਼ਤਾਰ
Advertisement
ਪਸ਼ੂਆਂ ਨੂੰ ਖੇਤਾਂ ਵਿੱਚ ਵੜਨ ਤੋਂ ਰੋਕਣ ’ਤੇ ਬਜ਼ੁਰਗ ਵਿਅਕਤੀ ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਪਠਾਨਕੋਟ ਜ਼ਿਲ੍ਹੇ ਦੇ ਭੋਆ ਹਲਕੇ ਦੇ ਘਰੋਟਾ ਪਿੰਡ ਦੇ ਖੇਤਾਂ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਬਲਵੰਤ ਸਿੰਘ ਪੁੱਤਰ ਸੰਸਾਰ ਸਿੰਘ (80) ਵਜੋਂ ਹੋਈ ਹੈ, ਜੋ ਘਰੋਟਾ ਦਾ ਰਹਿਣ ਵਾਲਾ ਸੀ। ਪੁਲੀਸ ਨੇ ਗੁੱਜਰ ਔਰਤ ਅਤੇ ਉਸ ਦੇ ਦੋ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਸਦਰ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਮ੍ਰਿਤਕ ਦੇ ਪੁੱਤਰ ਰਾਕੇਸ਼ ਸਿੰਘ ਨੇ ਦੱਸਿਆ ਕਿ ਸ਼ਬੀਬੀ ਅਤੇ ਉਸ ਦੇ ਪੁੱਤਰਾਂ ਮਰੀਦ ਦੀਨ ਤੇ ਹਨੀਫ਼ ਮੁਹੰਮਦ ਤਿੰਨਾਂ ਨੇ ਉਸ ਦੇ ਪਿਤਾ ’ਤੇ ਖੇਤਾਂ ਵਿੱਚ ਹਮਲਾ ਕੀਤਾ। ਉਸ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਉਸ ਨੂੰ ਦੁਪਹਿਰ ਦਾ ਖਾਣਾ ਦੇਣ ਪੁੱਜਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਸਾਰੇ ਆਪਣੇ ਹਥਿਆਰ ਸੁੱਟ ਕੇ ਭੱਜ ਗਏ। ਪੀੜਤ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਬਲਵੰਤ ਸਿੰਘ ਇਨ੍ਹਾਂ ਦੇ ਡੰਗਰਾਂ ਨੂੰ ਫਸਲ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਸਾਰ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਜਾਂਚ ਅਧਿਕਾਰੀ ਹੇਮ ਰਾਜ ਅਨੁਸਾਰ ਔਰਤ ਸਮੇਤ ਤਿੰਨਾਂ ਹਮਲਾਵਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿਵਲ ਹਸਪਤਾਲ ਪਠਾਨਕੋਟ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲੀਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
Advertisement
Advertisement