ਮੁੱਖ ਮੰਤਰੀ ਦੇ ਸ਼ਹਿਰ ਦੇ ਅੱਠ ਕੌਂਸਲਰਾਂ ਨੇ ‘ਆਪ’ ਛੱਡੀ
ਗੁਰਦੀਪ ਸਿੰਘ ਲਾਲੀ
ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀ ਨਗਰ ਕੌਂਸਲ ’ਚ ਸੱਤਾਧਾਰੀ ‘ਆਪ’ ਦੇ ਅੱਠ ਕੌਂਸਲਰਾਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਸ਼ਾਮਲ ਹਨ। ਕਰੀਬ 15 ਦਿਨ ਪਹਿਲਾਂ ਪਾਰਟੀ ਦੇ 9 ਕੌਂਸਲਰਾਂ ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਿਆ ਸੀ ਤੇ ਪਾਰਟੀ ਹਾਈਕਮਾਨ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ ਸੱਤ ਦਿਨਾਂ ਦੇ ਅੰਦਰ-ਅੰਦਰ ਨਗਰ ਕੌਂਸਲ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਉਸ ਨੂੰ ਅਹੁਦੇ ਤੋਂ ਲਾਂਭੇ ਨਾ ਕੀਤਾ ਗਿਆ ਤਾਂ ਉਹ ਪਾਰਟੀ ਛੱਡ ਜਾਣਗੇ। ਅਲਟੀਮੇਟਮ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋਏ ਅੱਠ ਕੌਂਸਲਰਾਂ ਨੇ ਅੱਜ ਸਥਾਨਕ ਰੈਸਟ ਹਾਊਸ ਵਿੱਚ ਮੀਟਿੰਗ ਕਰਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਸਥਾਨਕ ਰੈਸਟ ਹਾਊਸ ਵਿੱਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਵਿੱਕੀ, ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਦੇ ਪਤੀ ਵਿਨੈਪਾਲ, ਕੌਂਸਲਰ ਪ੍ਰਦੀਪ ਕੁਮਾਰ ਪੁਰੀ, ਅਵਤਾਰ ਸਿੰਘ ਤਾਰਾ, ਹਰਪ੍ਰੀਤ ਸਿੰਘ ਸੇਖੋਂ, ਪਰਮਿੰਦਰ ਸਿੰਘ ਪਿੰਕੀ, ਜਗਜੀਤ ਸਿੰਘ ਕਾਲਾ ਅਤੇ ਕੌਂਸਲਰ ਗੁਰਦੀਪ ਕੌਰ ਦੇ ਪਤੀ ਹਰਬੰਸ ਲਾਲ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ। ਕੌਂਸਲਰਾਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ। ਕੌਂਸਲਰਾਂ ਨੇ ਦੱਸਿਆ, ‘‘ਅਸੀਂ 23 ਸਤੰਬਰ ਨੂੰ ਹੀ ਪਾਰਟੀ ਹਾਈਕਮਾਨ ਨੂੰ ਆਪਣੇ ਅਸਤੀਫ਼ੇ ਭੇਜ ਕੇ ਅਲਟੀਮੇਟਮ ਦਿੱਤਾ ਸੀ ਕਿ ਜਾਂ ਤਾਂ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਉਸ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ ਜਾਂ ਫਿਰ ਸਾਡੇ ਅਸਤੀਫ਼ੇ ਪ੍ਰਵਾਨ ਕਰ ਲਏ ਜਾਣ।’’ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਸਿਰਫ਼ ਭਰੋਸਾ ਹੀ ਦਿੱਤਾ ਜਾਂਦਾ ਰਿਹਾ ਹੈ, ਜਿਸ ਕਾਰਨ ਅੱਜ ਉਨ੍ਹਾਂ ਨੂੰ ਪਾਰਟੀ ਛੱਡਣ ਦਾ ਫ਼ੈਸਲਾ ਲੈਣਾ ਪਿਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 29 ਵਾਰਡਾਂ ’ਚੋਂ ‘ਆਪ’ ਦੇ ਸਿਰਫ਼ ਸੱਤ ਕੌਂਸਲਰ ਹੀ ਜਿੱਤੇ ਸਨ, ਜਦੋਂ ਕਿ ਪ੍ਰਧਾਨਗੀ ਲਈ 16 ਮੈਂਬਰਾਂ ਦੀ ਲੋੜ ਸੀ। ਬਾਅਦ ’ਚ ਪੰਜ ਆਜ਼ਾਦ ਕੌਂਸਲਰ ‘ਆਪ’ ’ਚ ਸ਼ਾਮਲ ਹੋਣ ਨਾਲ ਗਿਣਤੀ 12 ਹੋ ਗਈ ਸੀ। ਦੋ ਵਿਧਾਇਕ ਅਮਨ ਅਰੜਾ ਤੇ ਨਰਿੰਦਰ ਕੌਰ ਭਰਾਜ ਦੀਆਂ ਵੋਟਾਂ ਸਣੇ ਕੁੱਲ ਗਿਣਤੀ 14 ਹੋ ਗਈ, ਜਦੋਂ ਕਿ 2 ਆਜ਼ਾਦ ਉਮੀਦਵਾਰਾਂ ਨੇ ਹਮਾਇਤ ਦਿੱਤੀ ਸੀ, ਜਿਸ ਕਾਰਨ ਪੂਰਨ ਬਹੁਮਤ ਨਾਲ ਨਗਰ ਕੌਂਸਲ ’ਤੇ ‘ਆਪ’ ਕਾਬਜ਼ ਹੋ ਗਈ ਸੀ।