ਸਿੱਖਿਆ ਕ੍ਰਾਂਤੀ: ਧਰਮਸ਼ਾਲਾ ਮਗਰੋਂ ਗੁਰਦੁਆਰੇ ’ਚ ਚੱਲ ਰਿਹੈ ਸਰਕਾਰੀ ਸਕੂਲ
ਜੋਗਿੰਦਰ ਸਿੰਘ ਮਾਨ
ਜ਼ਿਲ੍ਹਾ ਸਿੱਖਿਆ ਵਿਭਾਗ ਕੋਲ ਆਪਣੇ ਸਕੂਲ ਦੀ ਇਮਾਰਤ ਨਾ ਹੋਣ ਕਰ ਕੇ 15 ਸਾਲਾਂ ਤੋਂ ਬੱਚੇ ਧਰਮਸ਼ਾਲਾ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ। ਹੁਣ ਧਰਮਸ਼ਾਲਾ ਦੀ ਹਾਲਤ ਖਸਤਾ ਹੋਣ ਕਾਰਨ ਸਕੂਲ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵੇਲੇ ਸਕੂਲ ਵਿੱਚ ਨੌਂ ਅਧਿਆਪਕ ਲਗਪਗ 250 ਬੱਚਿਆਂ ਨੂੰ ਪੜ੍ਹਾ ਰਹੇ ਹਨ।
ਪਤਾ ਲੱਗਿਆ ਕਿ ਮਾਨਸਾ ਜ਼ਿਲ੍ਹੇ ਦੇ ਠੂਠਿਆਂਵਾਲੀ ਰੋਡ ਵਾਰਡ ਨੰਬਰ-1 ਦੀ ਧਰਮਸ਼ਾਲਾ ਵਿੱਚ 15 ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ। ਇਸ ਸਕੂਲ ਵਿੱਚ ਨੌਂ ਅਧਿਆਪਕ ਕਰੀਬ 250 ਬੱਚਿਆਂ ਨੂੰ ਪੜ੍ਹਾ ਰਹੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਕੂਲਾਂ ਨੂੰ ਆਧੁਨਿਕ ਬਣਾਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਕੋਲ ਬੱਚਿਆਂ ਨੂੰ ਸਿੱਖਿਆ ਦੇਣ ਲਈ ਆਪਣੇ ਸਕੂਲ ਦੀ ਇਮਾਰਤ ਵੀ ਨਹੀਂ ਹੈ। ਪੰਜਾਬ ਵਿੱਚ ਪਿਛਲੇ ਦਿਨੀਂ ਪਏ ਮੀਂਹਾਂ ਕਾਰਨ ਇਸ ਧਰਮਸ਼ਾਲਾ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਿਆ ਹੈ। ਇਸ ਕਾਰਨ ਹੁਣ ਬੱਚਿਆਂ ਨੂੰ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਬਿਠਾਇਆ ਗਿਆ ਹੈ। ਇਸੇ ਦੌਰਾਨ ਵਾਰਡ ਵਾਸੀ ਭਗਵੰਤ ਸਿੰਘ, ਮਲਕੀਤ ਕੌਰ, ਰਾਜੂ ਸਿੰਘ ਅਤੇ ਰਾਜ ਸਿੰਘ ਨੇ ਕਿਹਾ ਕਿ ਮੀਂਹ ਕਾਰਨ ਧਰਮਸ਼ਾਲਾ ਦੀ ਹਾਲਤ ਖਸਤਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੱਥੇ ਗੁਰਦੁਆਰੇ ਵਿੱਚ ਰੋਜ਼ਾਨਾ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਸਰਕਾਰੀ ਸਕੂਲ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਬੱਚਿਆਂ ਲਈ ਸਰਕਾਰੀ ਸਕੂਲ ਬਣਾਉਣੇ ਚਾਹੀਦੇ ਹਨ।
ਸਕੂਲ ਦੀ ਇਮਾਰਤ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ: ਮੰਜੂ ਬਾਲਾ
ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮੰਜੂ ਬਾਲਾ ਨੇ ਕਿਹਾ ਕਿ ਮੀਂਹਾਂ ਕਾਰਨ ਧਰਮਸ਼ਾਲਾ ਦੀ ਇਮਾਰਤ ਦੀ ਹਾਲਤ ਖ਼ਰਾਬ ਹੋਣ ਕਾਰਨ ਬੱਚਿਆਂ ਨੂੰ ਪੜ੍ਹਾਈ ਲਈ ਗੁਰਦੁਆਰੇ ਵਿੱਚ ਬਿਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਨੂੰ ਵਿਭਾਗ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿੱਚ ਵੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਲਦੀ ਹੀ ਪੰਜਾਬ ਸਰਕਾਰ ਇਨ੍ਹਾਂ ਬੱਚਿਆਂ ਲਈ ਇੱਕ ਸਕੂਲ ਬਣਾਏਗੀ ਅਤੇ ਚੰਗੀਆਂ ਸਹੂਲਤਾਂ ਪ੍ਰਦਾਨ ਕਰੇਗੀ।