ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਦੀ ਆਨਲਾਈਨ ਟਰੇਨਿੰਗ ਸ਼ੁਰੂ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸਰਕਾਰੀ ਅਤੇ ਐਫ਼ੀਲੇਟਿਡ ਸਕੂਲਾਂ ਦੇ ਅਧਿਆਪਕਾਂ ਲਈ ਆਨਲਾਈਨ ਟਰੇਨਿੰਗ ਆਰੰਭ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਇੱਕ ਇਨਕਲਾਬੀ ਕਦਮ ਹੈ, ਜਿਸ ਨਾਲ ਰੱਟਾ ਪ੍ਰਣਾਲੀ ਨੂੰ ਖ਼ਤਮ ਕਰਨ ਵਿੱਚ ਮਦਦ ਤੇ ਮੁਲਾਂਕਣ ਆਧਾਰਿਤ ਸਿੱਖਿਆ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲ ਐੱਨਸੀਈਆਰਟੀ ਅਤੇ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਰੰਭ ਕੀਤੀ ਗਈ ਹੈ।
ਚੇਅਰਮੈਨ ਨੇ ਦੱਸਿਆ ਕਿ ਇਸ ਟਰੇਨਿੰਗ ਤਹਿਤ ਰਾਜ ਦੇ ਛੇ ਹਜ਼ਾਰ ਤੋਂ ਵੱਧ ਸਕੂਲਾਂ ਦੇ ਵੀਹ ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਟਰੇਨਿੰਗ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਹਿਤ ਕਲਾਸਰੂਮਾਂ ਨੂੰ ਰੱਟਾ ਮਾਰਨ ਦੀ ਸਿੱਖਿਆ ਤੋਂ ਦੂਰ ਕਰ ਕੇ ਕੰਪੀਟੈਂਸੀ ਆਧਾਰਿਤ ਸਿੱਖਿਆ ਅਤੇ ਮੁਲਾਂਕਣ ਵੱਲ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਟਰੇਨਿੰਗ ਪ੍ਰੋਗਰਾਮ ਨਹੀਂ ਸਗੋਂ ਮਾਨਸਿਕਤਾ ਵਿੱਚ ਬਦਲਾਅ ਹੈ। ਪੰਜਾਬ ਆਪਣੀ ਸਿੱਖਿਆ ਪ੍ਰਣਾਲੀ ਨੂੰ ਕੌਮੀ ਅਤੇ ਕੌਮਾਂਤਰੀ ਮਾਪਦੰਡਾਂ ਨਾਲ ਜੋੜੇਗਾ। ਇਸ ਮੌਕੇ ਡਾ. ਇੰਦੁੂਰਾਣੀ ਭਾਦੜੀ, ਬਿਜੋਇਸ਼ੰਕਰ ਦਾਸ ਅਤੇ ਅੰਚਲ ਵੀ ਹਾਜ਼ਰ ਸਨ।