ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਦੀ ਦਾਖ਼ਲਾ ਤਰੀਕ ਵਧਾਈ
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲਾਂ ’ਚ ਸੈਸ਼ਨ 2025-26 ਲਈ ਦੂਜੇ ਰਾਜਾਂ ਜਾਂ ਬੋਰਡਾਂ ’ਚ 8ਵੀ ਤੋਂ 12ਵੀਂ ਸ਼੍ਰੇਣੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਦਾਖ਼ਲੇ ਲਈ ਤਰੀਕ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਜੇਕਰ ਸਿੱਖਿਆ ਬੋਰਡ ਵਲੋਂ ਜਾਰੀ ਦਾਖ਼ਲਾ ਸ਼ਡਿਊਲ ਦੀ ਅੰਤਿਮ ਮਿਤੀ ਲੰਘਣ ਉਪਰੰਤ ਵਿਦਿਆਰਥੀ ਦਾਖ਼ਲਾ ਲੈਣਾ ਚਾਹੁੰਦੇ ਹਨ ਤਾਂ ਆਨਲਾਈਨ ਇੰਟਰ ਬੋਰਡ ਮਾਈਗ੍ਰੇਸ਼ਨ ਦੀ ਵਿਧੀ ਰਾਹੀਂ ਨਿਰਧਾਰਤ ਵੇਰਵਿਆਂ ਅਨੁਸਾਰ ਦਾਖ਼ਲਾ ਲੈ ਕੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇੰਟਰ ਬੋਰਡ ਮਾਈਗ੍ਰੇਸ਼ਨ ਦੀ ਵਿਧੀ ਰਾਹੀਂ 31 ਅਕਤੂਬਰ ਤੱਕ 3100 ਰੁਪਏ ਅਤੇ 1 ਤੋਂ 28 ਨਵੰਬਰ ਤੱਕ 5100 ਰੁਪਏ ਨਾਲ ਦਾਖ਼ਲਾ ਅਤੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਹੜ੍ਹ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅਕਾਦਮਿਕ ਸਾਲ 2025-26 ਲਈ 8ਵੀ ਤੋਂ 12ਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਆਨ-ਲਾਈਨ ਰਜਿਸਟਰੇਸ਼ਨ/ਕੰਟੀਨਿਊਸ਼ਨ ਸਬੰਧੀ ਤਰੀਕ ਵਿੱਚ 30 ਸਤੰਬਰ ਤੱਕ ਵਾਧਾ ਕੀਤਾ ਗਿਆ ਹੈ।