ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਘਰ ਈਡੀ ਦਾ ਛਾਪਾ
ਹਰਦੀਪ ਸਿੰਘ
ਧਰਮਕੋਟ, 9 ਜੁਲਾਈ
Punjab news ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਅਤੇ ਕੌਮੀ ਇੰਨਸਾਫ ਮੋਰਚਾ ਚੰਡੀਗੜ੍ਹ ਦੇ ਆਗੂ ਸੁੱਖ ਗਿੱਲ ਮੋਗਾ ਦੇ ਘਰ ਅੱਜ ਤੜਕਸਾਰ ਈਡੀ ਨੇ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਤਿੰਨ ਇਨੋਵਾ ਗੱਡੀਆਂ ਉੱਤੇ ਸਵਾਰ ਈਡੀ ਅਧਿਕਾਰੀ ਤੜਕਸਾਰ ਸੱਤ ਵਜੇ ਦੇ ਕਰੀਬ ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਪਿੰਡ ਤੋਤਾ ਸਿੰਘ ਵਾਲਾ ਪੁੱਜੇ ਅਤੇ ਘਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਕੀਤੀ ਗਈ। ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਈਡੀ ਵਲੋਂ ਕਿਸੇ ਨੂੰ ਵੀ ਘਰ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਈਡੀ ਨੇ ਕਿਸਾਨ ਆਗੂ ਦੇ ਘਰੋਂ ਕੀ ਬਰਾਮਦਗੀ ਕੀਤੀ, ਇਸ ਬਾਰੇ ਭੇਦ ਬਰਕਰਾਰ ਹੈ।
ਪੁਲੀਸ ਅਧਿਕਾਰੀ ਨੇ ਛਾਪਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈਡੀ ਦੀ ਉਕਤ ਟੀਮ ਦਿੱਲੀ ਤੋਂ ਆਈ ਸੀ। ਉਨ੍ਹਾਂ ਕੋਈ ਹੋਰ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਸੁੱਖ ਗਿੱਲ ਜਿੱਥੇ ਚੰਡੀਗੜ੍ਹ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਪਹਿਲੀ ਕਤਾਰ ਦੇ ਆਗੂ ਹਨ, ਉੱਥੇ ਇਮੀਗ੍ਰੇਸ਼ਨ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ। ਸੁੱਖ ਗਿੱਲ ਕੁਝ ਮਹੀਨੇ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਸੀ, ਜਦੋਂ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣ ਦੀ ਮੁਹਿੰਮ ਆਰੰਭੀ ਸੀ। ਧਰਮਕੋਟ ਦੇ ਨਜ਼ਦੀਕੀ ਪਿੰਡ ਪੰਡੋਰੀ ਦੇ ਇਕ ਨੌਜਵਾਨ ਨੇ ਵਾਪਸ ਆਉਣ ਮਗਰੋਂ ਸੁੱਖ ਗਿੱਲ ਉਪ ਗੰਭੀਰ ਦੋਸ਼ ਲਗਾਏ ਸਨ ਅਤੇ ਪੁਲੀਸ ਨੇ ਕਿਸਾਨ ਆਗੂ ਖਿਲਾਫ਼ ਕੇਸ ਵੀ ਦਰਜ ਕੀਤਾ ਸੀ।
ਈਡੀ ਦੀ ਕਾਰਵਾਈ ਨੂੰ ਲੈ ਕੇ ਕਿਸਾਨ ਆਗੂ ਸੁੱਖ ਗਿੱਲ ਨਾਲ ਫੋਨ ਉੱਤੇ ਵਾਰ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਉਂਝ ਕਿਸਾਨ ਆਗੂ ਨੇ ਵੀਡੀਓ ਜਾਰੀ ਕਰਕੇ ਕੇਂਦਰ ਸਰਕਾਰ ਉਪਰ ਈਡੀ ਰਾਹੀਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਗਿੱਲ ਨੇ ਕਿਹਾ ਕਿ ਉਹ ਮੱਧਵਰਗੀ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਇਸ ਲਈ ਈਡੀ ਨੂੰ ਉਨ੍ਹਾਂ ਦੇ ਘਰੋਂ ਕੁਝ ਵੀ ਮਿਲਣ ਵਾਲਾ ਨਹੀਂ ਹੈ।।ਜ਼ਿਲ੍ਹਾ ਪੁਲੀਸ ਮੁਖੀ ਅਜੈ ਗਾਂਧੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਵੀ ਰਾਬਤਾ ਨਹੀਂ ਹੋ ਸਕਿਆ।