ਪਹਿਲਾਂ ਹੜ੍ਹਾਂ ਕਾਰਨ ਫਸਲਾਂ ਦਾ ਖ਼ਰਾਬਾ, ਹੁਣ ਜ਼ਮੀਨ ਵਾਹੀਯੋਗ ਨਹੀਂ
ਗੁਰਬਖਸ਼ਪੁਰੀ
ਹੜ੍ਹਾਂ ਦੌਰਾਨ ਮੰਡ ਖੇਤਰ ਵਿੱਚ ਦਰਿਆਵਾਂ ਦੀ ਮਾਰ ਹੇਠ ਆਈ ਜ਼ਮੀਨ ਦੇ ਮਾਲਕ ਕਿਸਾਨ ਜਿਥੇ ਉਸ ਵੇਲੇ ਆਪਣੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਕਰਵਾ ਬੈਠੇ ਉਥੇ ਹਜ਼ਾਰਾਂ ਏਕੜ ਜ਼ਮੀਨ ਹਾਲੇ ਤੱਕ ਵੀ ਵਾਹੀਯੋਗ ਨਾ ਬਣਨ ਕਰਕੇ ਕਿਸਾਨ ਵਲੋਂ ਕਣਕ ਵੀ ਨਹੀਂ ਬੀਜੀ ਜਾ ਸਕੀ| ਸਥਿਤੀ ਦਾ ਤਸੱਲੀਬਖਸ਼ ਪਹਿਲੂ ਇਹ ਹੈ ਕਿ ਇਲਾਕੇ ਦੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਲਈ ਜਿਥੇ ਕਈ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਦੀ ਬਾਂਹ ਫੜਨ ਲਈ ਅੱਗੇ ਆਈਆਂ ਹਨ ਉਥੇ ਮਾਰ ਹੇਠ ਆਈ ਰੇਤ ਤੇ ਭਲ ਨਾਲ ਭਰ ਗਈ ਹਜ਼ਾਰਾਂ ਏਕੜ ਜ਼ਮੀਨ ਨੂੰ ਸਾਫ਼ ਕਰਨਾ ਮੁਸ਼ਕਲ ਹੈ| ਇਲਾਕੇ ਦੇ ਪਿੰਡ ਚੰਬਾ ਕਲਾਂ ਦੀ ਕੁੱਲ 1500 ਏਕੜ ਜ਼ਮੀਨ ਪ੍ਰਭਾਵਿਤ ਹੋਈ ਸੀ ਜਿਸ ਵਿੱਚੋਂ 500 ਏਕੜ ਜ਼ਮੀਨ ਵਿੱਚ ਹੀ ਕਣਕ ਦੀ ਬਿਜਾਈ ਕੀਤੀ ਜਾ ਸਕੀ ਹੈ| ਪਿੰਡ ਦੇ ਕਿਸਾਨ ਮਾਸਟਰ ਦਲਬੀਰ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ, ਪਰਗਟ ਸਿੰਘ ਚੰਬਾ, ਅਜੀਤਪਾਲ ਸਿੰਘ ਆਦਿ ਨੇ ਕਿਹਾ ਕਿ 1000 ਏਕੜ ਜ਼ਮੀਨ ਦੇ 300 ਦੇ ਕਰੀਬ ਮਾਲਕ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ| ਉਨ੍ਹਾਂ ਨੂੰ ਖਰਾਬ ਫਸਲ ਦਾ ਅੱਜ ਤੱਕ ਨਾ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਕਿਸੇ ਸਰਕਾਰੀ ਅਧਿਕਾਰੀ ਜਾ ਵਿਧਾਇਕ ਨੇ ਉਨ੍ਹਾਂ ਦੀ ਬਾਤ ਪੁੱਛੀ ਹੈ| ਪਿੰਡ ਮੁੰਡਾਪਿੰਡ ਦੀ ਤਾਂ 1200 ਏਕੜ ਜ਼ਮੀਨ ਖਰਾਬ ਹੋ ਜਾਣ ਕਰਕੇ ਉਸ ਵਿੱਚ ਕਣਕ ਨਹੀਂ ਬੀਜੀ ਜਾ ਸਕੀ| ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਤੇ ਬਾਬਾ ਹਾਕਮ ਸਿੰਘ ਦੇ ਉੱਦਮ ਨਾਲ ਮੰਡ ਖੇਤਰ ਦੇ ਪਿੰਡ ਧੁੰਨ, ਕਰਮੂੰਵਾਲਾ, ਘੜਕਾ ਆਦਿ ਦੇ ਕਿਸਾਨਾਂ ਦੀ ਖਰਾਬ ਹੋਈ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਪਿਛਲੇ ਤਿੰਨ ਹਫਤਿਆਂ ਤੋਂ ਟਰੈਕਟਰ-ਟਰਾਲੀਆਂ ਲਗਾਈਆਂ ਹੋਈਆਂ ਹਨ| ਸੰਪਰਦਾਇ ਵਲੋਂ ਪੱਟੀ ਤਹਿਸੀਲ ਪਿੰਡ ਭੋਜੋਕੇ ਦੇ 17 ਕਿਸਾਨਾਂ ਦੀ 60 ਏਕੜ ਜ਼ਮੀਨ ਨੂੰ ਠੀਕ ਕਰਨ ਦੀ ਕਾਰਵਾਈ ਵੀ ਜਾਰੀ ਹੈ| ਜ਼ਿਲ੍ਹਾ ਪ੍ਰਸ਼ਾਸ਼ਨ ਹੜ੍ਹਾਂ ਨਾਲ ਖਰਾਬ ਹੋ ਚੁੱਕੀ ਜ਼ਮੀਨ ਦਾ ਅੰਕੜਾ ਤੱਕ ਵੀ ਮੁਹੱਈਆ ਨਹੀਂ ਕਰਵਾ ਸਕਿਆ| ਇਸ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਨੇ ਨਾ ਤਾਂ ਮੋਬਾਈਲ ਉਠਾਇਆ ਅਤੇ ਨਾ ਹੀ ਵੱਟਸਐਪ ’ਤੇ ਭੇਜੇ ਐੱਸ ਐੱਮ ਐੱਸ ਦਾ ਜਵਾਬ ਦਿੱਤਾ ਹੈ|
