ਦਸਹਿਰਾ: ਪਾਇਲ ’ਚ ਰਾਵਣ ਦੀ ਪੂਜਾ
ਲੋਕਾਂ ਨੇ ਨਹੀਂ ਫੂਕੇ ਪੁਤਲੇ
Advertisement
ਇੱਥੇ ਅੱਜ ਦਸਹਿਰੇ ਦੇ ਸ਼ੁਭ ਅਵਸਰ ’ਤੇ ਸ੍ਰੀ ਰਾਮ ਮੰਦਰ ਅੱਗੇ ਬਣੇ ਰਾਵਣ ਦੇ ਪੱਕੇ ਬੁੱਤ ਦੀ ਪੂਜਾ ਕੀਤੀ ਗਈ। ਇੱਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਨਹੀਂ ਫੂਕੇ ਗਏ। ਸਵੇਰ ਤੋਂ ਹੀ ਸ੍ਰੀ ਰਾਮ ਮੰਦਰ ਵਿੱਚ ਮੱਥਾ ਟੇਕਣ ਵਾਲਿਆਂ ਦੀ ਲਾਈਨਾਂ ਲੱਗੀਆਂ ਹੋਈਆਂ ਸਨ। ਪਹਿਲੇ ਨਰਾਤੇ ਤੋਂ ਦਸਹਿਰੇ ਵਾਲੇ ਦਿਨ ਤੱਕ ਪੂਜਾ ਕਰਨ ਵਾਲੇ ਦੂਬੇ ਪਰਿਵਾਰ ਦੇ ਮੈਂਬਰ ਅਖਿਲ ਪ੍ਰਕਾਸ਼ ਦੂਬੇ, ਭਰਤ ਦੂਬੇ, ਕਰਨ ਸ਼ਰਮਾ, ਅਸ਼ੀਸ ਦੂਬੇ ਅਤੇ ਅਨੁਰਾਗ ਦੂਬੇ ਨੇ ਦੱਸਿਆ ਕਿ ਰਾਵਣ ਇੱਕ ਬਹੁਤ ਵੱਡੇ ਵਿਦਵਾਨ ਤੇ ਚਾਰ ਵੇਦਾਂ ਦੇ ਗਿਆਤਾ ਸਨ, ਜੋ ਪੂਜਣਯੋਗ ਸਨ। ਦਿਨ ਢਲਦਿਆਂ ਹੀ ਰਾਵਣ ਦੀ ਪੂਜਾ ਕਰਨ ਸਮੇਂ ਦਾਰੂ ਦੀ ਬੋਤਲ, ਬੱਕਰਾ ਤੇ ਹੋਰ ਸਮੱਗਰੀ ਨੂੰ ਭੋਗ ਲਵਾਇਆ ਗਿਆ। ਫਿਰ ਅਗਨੀ ਦਾ ਸ਼ਗਨ ਕਰਦਿਆਂ ਪਟਾਕੇ ਚਲਾਏ ਗਏ।
ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਚੇਅਰਮੈਨ ਬੂਟਾ ਸਿੰਘ ਰਾਣੋ, ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ, ਸਾਬਕਾ ਡਾਇਰੈਕਟਰ ਮਨਜੀਤ ਸਿੰਘ ਮੀਤਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਪੀਏ ਰਣਜੀਤ ਸਿੰਘ ਪਾਇਲ, ਸਿਵ ਸੋਨੀ, ਦਲਬਾਰਾ ਸਿੰਘ ਅਤੇ ਰੁਪਿੰਦਰ ਬਿੰਦੂ ਨੇ ਵੀ ਸ਼ਿਰਕਤ ਕੀਤੀ। ਦਸਹਿਰੇ ’ਤੇ ਇਕੱਠ ਨੂੰ ਮੁੱਖ ਰੱਖਦਿਆਂ ਡੀਐੱਸਪੀ ਪਾਇਲ ਹੇਮੰਤ ਕੁਮਾਰ ਮਲਹੋਤਰਾ, ਐੱਸਐੱਚਓ ਸੁਖਵਿੰਦਰਪਾਲ ਸਿੰਘ ਸੋਹੀ ਦੀ ਅਗਵਾਈ ਹੇਠ ਪੁਲੀਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।
Advertisement
Advertisement