ਝਗੜੇ ਕਾਰਨ ਬਿਰਧ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ
ਲਖਵੀਰ ਸਿੰਘ ਚੀਮਾ
ਇਸ ਬਲਾਕ ਦੇ ਪਿੰਡ ਕਲਾਲਾ ਵਿੱਚ ਪੰਚਾਇਤੀ ਰਾਹ ’ਤੇ ਨਾਜਾਇਜ਼ ਉਸਾਰੀ ਦੇ ਵਿਵਾਦ ਕਾਰਨ ਬਿਰਧ ਔਰਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ। ਇਸ ਦਾ ਪਤਾ ਚੱਲਦਿਆਂ ਥਾਣਾ ਮਹਿਲ ਕਲਾਂ ਦੇ ਐੱਸ ਐੱਚ ਓ ਸਰਬਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਔਰਤ ਨਾਲ ਗੱਲਬਾਤ ਕਰਨ ਲਈ ਟੈਂਕੀ ’ਤੇ ਚੜ੍ਹੇ। ਉਨ੍ਹਾਂ ਦੇ ਭਰੋਸੇ ਦੇ ਬਾਵਜੂਦ ਬਿਰਧ ਹੇਠਾਂ ਨਹੀਂ ਉਤਰੀ। ਇਸ ਮਗਰੋਂ ਬਰਨਾਲਾ ਦੇ ਤਹਿਸੀਲਦਾਰ ਅਸ਼ਵਨੀ ਪਹੁੰਚੇ ਤੇ ਦੋਵਾਂ ਧਿਰਾਂ ਨੂੰ ਮਿਣਤੀ ਲਈ ਸਹਿਮਤ ਕਰਦਿਆਂ ਉਸਾਰੀ ਰੁਕਵਾ ਦਿੱਤੀ। ਇਸ ਮਗਰੋਂ ਬਿਰਧ ਨੂੰ ਟੈਂਕੀ ਤੋਂ ਉਤਾਰਿਆ ਗਿਆ। ਪੀੜਤ ਗੁਰਜੀਤ ਕੌਰ ਵਾਸੀ ਕਲਾਲਾ ਨੇ ਦੋਸ਼ ਲਾਇਆ ਕਿ ਉਸ ਦੇ ਘਰ ਨੂੰ ਜਾਂਦੇ ਪੰਚਾਇਤੀ ਰਸਤੇ ’ਤੇ ਗੁਆਂਢੀਆਂ ਵੱਲੋਂ ਕਬਜ਼ਾ ਕਰ ਕੇ ਕੰਧ ਉਸਾਰੀ ਜਾ ਰਹੀ ਹੈ। ਉਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਉਣ ਦੇ ਬਾਵਜੂਦ ਮਾਮਲੇ ਦਾ ਹੱਲ ਨਹੀਂ ਨਿਕਲਿਆ। ਉਸ ਨੇ ਮੰਗ ਕੀਤੀ ਕਿ ਰਾਹ ’ਤੇ ਕੀਤੀ ਜਾ ਰਹੀ ਉਸਾਰੀ ਫੌਰੀ ਰੋਕੀ ਜਾਵੇ। ਬੀ ਕੇ ਯੂ (ਕਾਦੀਆਂ) ਦੇ ਆਗੂ ਰਣਜੀਤ ਸਿੰਘ ਮਿੱਠੂ ਕਲਾਲਾ ਨੇ ਦੱਸਿਆ ਕਿ ਰਸਤਾ 11 ਫੁੱਟ ਦਾ ਹੈ, ਪਰ ਉਸਾਰੀ ਰਾਹੀਂ ਤਿੰਨ ਫੁੱਟ ਥਾਂ ਰੋਕੀ ਜਾ ਰਹੀ ਹੈ। ਇਸ ਸਬੰਧੀ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ ਗੁਰਦੇਵ ਸਿੰਘ ਨੇ ਕਿਹਾ ਕਿ ਉਸ ਵੱਲੋਂ ਪੰਚਾਇਤ ਤੇ ਪ੍ਰਸ਼ਾਸਨ ਦੇ ਫ਼ੈਸਲੇ ਅਨੁਸਾਰ ਹੀ ਕੰਧ ਕੱਢੀ ਜਾ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ 11 ਫੁੱਟ ਦੀ ਬਜਾਏ 12 ਫੁੱਟ ਰਾਹ ਛੱਡਿਆ ਗਿਆ ਹੈ। ਇਸ ਸਬੰਧੀ ਅਦਾਲਤੀ ਫ਼ੈਸਲਾ ਵੀ ਉਸ ਦੇ ਹੱਕ ਹੋ ਚੁੱਕਾ ਹੈ।