ਨਸ਼ਾ ਤਸਕਰਾਂ ਨੇ ਥਾਣੇਦਾਰ ਤੇ ਹੌਲਦਾਰ ਨੂੰ ਬੇਸਬਾਲ ਨਾਲ ਕੁੱਟਿਆ
ਇਥੇ ਥਾਣਾ ਅਜੀਤਵਾਲ ਪੁਲੀਸ ਵੱਲੋਂਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਦੇ ਹਾਟ ਸਪਾਟ ਦੀ ਪਛਾਣ ਦੌਰਾਨ ਨਸ਼ਾ ਤਸਕਰਾਂ ਵੱਲੋਂ ਥਾਣੇਦਾਰ ਤੇ ਹੌਲਦਾਰ ਦੀ ਕੁੱਟਮਾਰ ਕਰਕੇ ਵਰਦੀ ਪਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬੀਤੇ ਦਿਨੀਂ ਵਾਪਰੀ ਦੱਸੀ ਜਾਂਦੀ ਹੈ।
ਥਾਣਾ ਅਜੀਤਵਾਲ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਵਿਭਾਗੀ ਸੋਸ਼ਲ ਮੀਡੀਆ ਗਰੁੱਪ ਵਿਚ ਦੱਸਿਆ ਕਿ ਦੋ ਮੁਲਜ਼ਮਾਂ ਧਰਮ ਸਿੰਘ ਉਰਫ਼ ਗੋਰਾਬਾਚੀ ਅਤੇ ਕੇਵਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਵਿਚ ਨਾਮਜ਼ਦ ਪ੍ਰੀਤਮ ਸਿੰਘ ਉਰਫ਼ ਪੀਤਾ ਅਤੇ ਕੁਝ ਅਣਪਛਾਤਿਆਂ ਦੀ ਭਾਲ ਜਾਰੀ ਹੈ।
ਪੁਲੀਸ ਮੁਤਾਬਕ ਏ ਐੱਸ ਆਈ ਬਲਜਿੰਦਰ ਸਿੰਘ ਨੇ ਥਾਣਾ ਅਜੀਤਵਾਲ ਵਿਖੇ ਦਰਜ ਕਰਵਾਈ ਗਈ ਐੱਫ ਆਈ ਆਰ ਵਿਚ ਆਖਿਆ ਕਿ ਉਹ ਸੀਨੀਅਰ ਸਿਪਾਹੀ ਪਰਗਟ ਸਿੰਘ ਨਾਲ ਪਿੰਡ ਚੂਹੜਚੱਕ ਵਿਖੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਚੂਹੜਚੱਕ ਦੇ ਸ਼ਮਸ਼ਾਨ ਘਾਟ ਨੇੜੇ ਤਰਪਾਲਾਂ ਦੀਆਂ ਝੁੱਗੀਆਂ ਕੋਲ ਧਰਮ ਸਿੰਘ ਉਰਫ਼ ਗੋਰਾਬਾਚੀ ਅਤੇ ਪ੍ਰੀਤਮ ਸਿੰਘ ਉਰਫ਼ ਪੀਤਾ ਮੌਜੂਦ ਸਨ।
ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਲੜਾਈ ਝਗੜੇ ਦੇ ਕੇਸ ਦਰਜ ਹਨ, ਜਦੋਂ ਏ ਐੱਸ ਆਈ ਤੇ ਹੌਲਦਾਰ ਗੱਡੀ ਵਿਚੋਂ ਉਤਰ ਕੇ ਮੁਲਜ਼ਮਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਗੋਰਾਬਾਚੀ ਗਾਲਾਂ ਕੱਢਣ ਲੱਗਿਆ। ਇਸ ਦੌਰਾਨ ਪ੍ਰੀਤਮ ਸਿੰਘ ਨੇ ਵੀ ਉਸ ਦਾ ਸਾਥ ਦਿੱਤਾ। ਮੁਲਜ਼ਮਾਂ ਨੇ ਬੇਸਬਾਲ ਨਾਲ ਨੇ ਏ ਐੱਸ ਆਈ ਤੇ ਹੌਲਦਾਰ ਦੀ ਕੁੱਟ ਮਾਰ ਕੀਤੀ। ਦੋਵੇਂ ਪੁਲੀਸ ਮੁਲਾਜ਼ਮ ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ।
