ਢੰਡੀ ਕਦੀਮ ਵਿੱਚ ਨਸ਼ਾ ਤਸਕਰਾਂ ਵੱਲੋਂ ਪੁਲੀਸ ’ਤੇ ਹਮਲਾ
ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 8 ਜਨਵਰੀ
ਥਾਣਾ ਸਦਰ ਅਧੀਨ ਆਉਂਦੇ ਪਿੰਡ ਢੰਡੀ ਕਦੀਮ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲੀਸ ਟੀਮ ਉੱਤੇ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਥਾਣਾ ਸਦਰ ਜਲਾਲਾਬਾਦ ਦੀ ਐੱਸਐੱਚਓ ਅਮਰਜੀਤ ਕੌਰ ਤੋਂ ਇਲਾਵਾ ਦੋ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ ਜਦੋਂਕਿ ਇੱਕ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਗਈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਢੰਡੀ ਕਦੀਮ ਵਿੱਚ ਨਸ਼ਾ ਤਸਕਰਾਂ ਵੱਲੋਂ ਡਰੋਨ ਨਾਲ ਪਾਕਿਸਤਾਨ ਤੋਂ ਨਸ਼ਾ ਮੰਗਵਾਇਆ ਜਾ ਰਿਹਾ ਸੀ। ਸੂਚਨਾ ਦੇ ਆਧਾਰ ਉੱਤੇ ਥਾਣਾ ਸਦਰ ਦੀ ਐੱਸਐੱਚਓ ਅਮਰਜੀਤ ਕੌਰ ਪੁਲੀਸ ਪਾਰਟੀ ਸਣੇ ਪਿੰਡ ਵਿੱਚ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਪੁਲੀਸ ਦੀ ਕਾਰਵਾਈ ਦੀ ਭਿਣਕ ਲੱਗ ਗਈ ਜਿਸ ਕਾਰਨ ਉਨ੍ਹਾਂ ਨੇ ਨਸ਼ੇ ਦੀ ਖੇਪ ਨਹੀਂ ਮੰਗਵਾਈ। ਇਸ ਦੇ ਨਾਲ ਹੀ ਪੁਲੀਸ ਨੂੰ ਇਹ ਸੂਚਨਾ ਵੀ ਮਿਲੀ ਕਿ ਇੱਕ ਭਗੌੜਾ ਨਸ਼ਾ ਤਸਕਰ ਇਸੇ ਪਿੰਡ ਵਿੱਚ ਲੁਕਿਆ ਹੋਇਆ ਹੈ। ਪੁਲੀਸ ਉਸ ਨੂੰ ਫੜਨ ਲਈ ਜਦੋਂ ਇੱਕ ਘਰ ਵਿੱਚ ਪਹੁੰਚੀ ਤਾਂ ਉੱਥੇ ਮੌਜੂਦ ਦਰਜਨ ਤੋਂ ਵੱਧ ਲੋਕਾਂ ਨੇ ਪੁਲੀਸ ਪਾਰਟੀ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਥਾਣਾ ਸਦਰ ਦੀ ਐੱਸਐੱਚਓ ਅਮਰਜੀਤ ਕੌਰ, ਮੁਲਾਜ਼ਮ ਕੇਵਲ ਕ੍ਰਿਸ਼ਨ ਅਤੇ ਹਰਬੰਸ ਸਿੰਘ ਜ਼ਖਮੀ ਹੋ ਗਏ। ਡੀਐੱਸਪੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਸਦਰ ਵਿੱਚ ਕੇਸ ਦਰਜ ਕਰ ਕੇ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।