ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਾ. ਅਮਰ ਸਿੰਘ ਵੱਲੋਂ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ

ਕੌਮੀ ਮਾਰਗ ’ਤੇ ਸਹੂਲਤਾਂ ਦੇਣ ਜਾਂ ਟੌਲ ਟੈਕਸ ਘਟਾਉਣ ਦੀ ਕੀਤੀ ਮੰਗ ਕੀਤੀ; ਆਵਾਜਾਈ ਮੰਤਰੀ ਵੱਲੋਂ ਮਸਲਿਆਂ ਦੇ ਹੱਲ ਦਾ ਭਰੋਸਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੰਗ-ਪੱਤਰ ਦਿੰਦੇ ਹੋਏ ਲੋਕ ਸਭਾ ਮੈਂਬਰ ਡਾ. ਅਮਰ ਸਿੰਘ।
Advertisement

ਸ੍ਰੀ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਦੀ ਮੰਗ ਬਾਰੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮੰਗ-ਪੱਤਰ ਸੌਂਪਦਿਆਂ ਸਰਹਿੰਦ ਤੋਂ ਲੁਧਿਆਣਾ ਤੱਕ ਕੌਮੀ ਰਾਜ ਮਾਰਗ ਨੰਬਰ 44 ’ਤੇ ਰਾਹਗੀਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੇ ਬਗੈਰ ਹੀ ਪਿਛਲੇ 15 ਸਾਲਾਂ ਤੋਂ ਭਾਰੀ ਟੌਲ ਟੈਕਸ ਵਸੂਲ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਟੌਲ ਇਕੱਠਾ ਕਰਨ ਵਾਲੀ ਕੰਪਨੀ ਦੇ ਠੇਕੇਦਾਰਾਂ ਨੂੰ ਰਾਹਗੀਰਾਂ ਲਈ ਨਿਯਮਾਂ ਅਨੁਸਾਰ ਸਹੂਲਤਾਂ ਦੇਣ ਲਈ ਪਾਬੰਦ ਕਰਨ ਜਾਂ ਟੌਲ ਟੈਕਸ ਵਿੱਚ ਛੋਟ ਦੇਣ ਦੀ ਮੰਗ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਕੌਮੀ ਰਾਜ ਮਾਰਗ ਦੇ ਨਾਲ ਹੀ 50 ਫ਼ੀਸਦ ਸਰਵਿਸ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਟੌਲ ਇਕੱਠਾ ਕਰਨ ਵਾਲੀ ਕੰਪਨੀ ਦੀ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਸਭ ਤੋਂ ਅਹਿਮ ਕੌਮੀ ਮਾਰਗ ’ਤੇ ਕੋਈ ਟਰੈਫ਼ਿਕ ਅਤੇ ਡਾਕਟਰੀ ਸਹਾਇਤਾ ਪੋਸਟ ਬਣਾਈ ਹੀ ਨਹੀਂ ਗਈ ਹੈ ਅਤੇ ਇਸ ਮਾਰਗ ’ਤੇ ਪੈਂਦੇ ਪ੍ਰਮੁੱਖ ਅਤੇ ਛੋਟੇ ਸ਼ਹਿਰਾਂ ਦੇ ਇਲਾਕੇ ਵਿੱਚ ਰੌਸ਼ਨੀ ਦਾ ਪ੍ਰਬੰਧ ਵੀ ਉਚਿਤ ਢੰਗ ਨਾਲ ਨਹੀਂ ਕੀਤਾ ਗਿਆ। ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਨੁਸਾਰ ਬਹੁਤੀਆਂ ਥਾਵਾਂ ’ਤੇ ਪ੍ਰਵੇਸ਼ ਅਤੇ ਨਿਕਾਸ ਰੈਂਪ ਨਾ ਬਣਾਏ ਜਾਣ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਾਂ ਨੂੰ ਕੌਮੀ ਮਾਰਗ ਦੀ ਨਵੀਂ 6 ਲੇਨ ਨੂੰ ਚੌੜਾਈ ਅਨੁਸਾਰ ਅਪਗ੍ਰੇਡ ਨਹੀਂ ਕੀਤਾ ਗਿਆ। ਉਨ੍ਹਾਂ ਕੇਂਦਰੀ ਮੰਤਰੀ ਤੋਂ ਰਾਹਗੀਰਾਂ ਨੂੰ ਰਾਹਤ ਦੇਣ ਲਈ ਕੌਮੀ ਮਾਰਗ ਨੂੰ ਵਿਕਸਤ ਕਰਨ ਜਾਂ ਟੌਲ ਵਿੱਚ ਰਾਹਤ ਦੇਣ ਦੀ ਮੰਗ ਕੀਤੀ। ਉਨ੍ਹਾਂ ਖਰੜ-ਲੁਧਿਆਣਾ ਕੌਮੀ ਮਾਰਗ ਉੱਪਰ ਪਿੰਡ ਕੋਟਲਾ ਸ਼ਮਸ਼ਪੁਰ ਵਿੱਚ ਸੜਕ ਦੇ ਹੇਠੋਂ ਲੰਘਦਾ ਰਸਤਾ ਦੇਣ ਤੋਂ ਇਲਾਵਾ ਖੰਟ ਅਤੇ ਘੁਲਾਲ ਵਿੱਚ ਢਲਾਣ ਵਾਲੇ ਫੁੱਟ-ਓਵਰ ਪੁਲ ਬਣਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

Advertisement
Advertisement