ਪਤੀ-ਭਰਜਾਈ ਦੇ ਸਬੰਧਾਂ ਤੋਂ ਪ੍ਰੇਸ਼ਾਨ ਔਰਤ ਨੇ ਲਿਆ ਫਾਹਾ
ਬਲਵਿੰਦਰ ਸਿੰਘ ਰੈਤ
ਇਥੋਂ ਨਜ਼ਦੀਕੀ ਪਿੰਡ ਜੱਟਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਪਰਵਾਸੀ ਔਰਤ ਨੇ ਆਪਣੇ ਪਤੀ ਦੇ ਉਸ ਦੀ ਭਰਜਾਈ ਨਾਲ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਫਾਹਾ ਲੈ ਲਿਆ। ਮ੍ਰਿਤਕਾ ਦੀ ਪਛਾਣ ਰਾਜਵਤੀ (48) ਪਤਨੀ ਬ੍ਰਿਜ ਬਿਹਾਰੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਜ਼ਿਲ੍ਹਾ ਬਰੇਲੀ (ਯੂ ਪੀ) ਦੀ ਰਹਿਣ ਵਾਲੀ ਸੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਰਾਜਵਤੀ ਦੇ ਭਰਾ ਸੂਰਜ ਪਾਲ ਨੇ ਦੱਸਿਆ ਕਿ ਰਾਜਵਤੀ ਦਾ ਪਹਿਲਾ ਵਿਆਹ ਕਿਸ਼ਨ ਬੀਰ ਨਾਲ ਹੋਇਆ ਸੀ, ਜਿਸ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਦੋ ਸਾਲ ਪਹਿਲਾਂ ਬ੍ਰਿਜ ਬਿਹਾਰੀ ਨਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੋਰਟ ਮੈਰਿਜ ਕਰ ਲਈ ਸੀ। ਉਸ ਨੇ ਦੋਸ਼ ਲਾਇਆ ਕਿ ਬ੍ਰਿਜ ਬਿਹਾਰੀ ਦਾ ਆਪਣੀ ਭਰਜਾਈ ਦੁਰਗਾ ਨਾਲ ਨਾਜਾਇਜ਼ ਸਬੰਧ ਸੀ, ਜਿਸ ਕਾਰਨ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ। ਰਾਜਵਤੀ ਦੇ ਪੇਕੇ ਪਰਿਵਾਰ ਨੇ ਇਸ ਬਾਰੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਆਪਣਾ ਵਿਹਾਰ ਨਹੀਂ ਬਦਲਿਆ।
ਇਸ ਮਗਰੋਂ ਰਾਜਵਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ। ਬੀਤੇ ਦਿਨ ਬਾਅਦ ਦੁਪਹਿਰ ਕਰੀਬ 3 ਵਜੇ ਬ੍ਰਿਜ ਬਿਹਾਰੀ ਅਤੇ ਦੁਰਗਾ ਨੇ ਮੁੜ ਉਸ ਨਾਲ ਝਗੜਾ ਕੀਤਾ, ਜਿਸ ਤੋਂ ਤੰਗ ਆ ਕੇ ਰਾਜਵਤੀ ਨੇ ਸ਼ਾਮ ਕਰੀਬ 4:30 ਵਜੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਏ ਐੱਸ ਆਈ ਪ੍ਰੀਤਮ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਰਾਜਵਤੀ ਨੂੰ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ ਪੁਲੀਸ ਨੇ ਬ੍ਰਿਜ ਬਿਹਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
