ਬੈਂਕ ਅਧਿਕਾਰੀਆਂ ਤੋਂ ਪ੍ਰੇਸ਼ਾਨ ਹੌਜ਼ਰੀ ਕਾਰੋਬਾਰੀ ਨੇ ਪਤਨੀ ਸਣੇ ਕੀਤੀ ਖ਼ੁਦਕੁਸ਼ੀ
ਗਗਨਦੀਪ ਅਰੋੜਾ
ਲੁਧਿਆਣਾ, 26 ਜੂਨ
ਪੰਜਾਬ ਦੇ ਸਭ ਤੋਂ ਵੱਡੀ ਹੌਜ਼ਰੀ ਤੇ ਕੱਪੜਿਆਂ ਦੇ ਥੋਕ ਗਾਂਧੀਨਗਰ ਬਾਜ਼ਾਰ ਦੀ ਮਸ਼ਹੂਰ ਪੰਚਰਤਨ ਹੌਜ਼ਰੀ ਦੇ ਮਾਲਕ ਅਤੇ ਉਸ ਦੀ ਪਤਨੀ ਨੇ ਅੱਜ ਸਵੇਰੇ ਫੈਕਟਰੀ ਦੇ ਹੇਠਾਂ ਦੁਕਾਨ ਦੇ ਅੰਦਰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਹੌਜ਼ਰੀ ਮਾਲਕ ਦਾ ਪੁੱਤਰ ਦੁਕਾਨ ’ਤੇ ਪਹੁੰਚਿਆ। ਪੁੱਤਰ ਦੋਵਾਂ ਨੂੰ ਡੀਐੱਮਸੀ ਹਸਪਤਾਲ ਲੈ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਸਬੀਰ ਸਿੰਘ (60) ਅਤੇ ਕੁਲਦੀਪ ਕੌਰ (59) ਵਜੋਂ ਹੋਈ ਹੈ। ਗਊਸ਼ਾਲਾ ਰੋਡ ’ਤੇ ਹਰਬੰਸਪੁਰਾ ਇਲਾਕੇ ਦੇ ਵਾਸੀ ਜਸਵੀਰ ਸਿੰਘ ਨੇ ਕੁੱਝ ਸਮਾਂ ਪਹਿਲਾਂ ਪ੍ਰਾਈਵੇਟ ਬੈਂਕ ਤੋਂ ਕਰਜ਼ਾ ਲਿਆ ਸੀ। ਕਰੀਬ ਹਫ਼ਤਾ ਪਹਿਲਾਂ ਬੈਂਕ ਅਧਿਕਾਰੀ ਜਸਵੀਰ ਦੇ ਘਰ ਆਏ ਸਨ। ਇਸ ਦੌਰਾਨ ਬੈਂਕ ਅਧਿਕਾਰੀਆਂ ਨੇ ਜੋੜੇ ਨਾਲ ਦੁਰਵਿਵਹਾਰ ਕਰਦਿਆਂ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਜਦੋਂ ਜਸਵੀਰ ਸਿੰਘ ਦੇ ਪੁੱਤਰ ਨੇ ਦਖਲ ਦਿੱਤਾ ਤਾਂ ਬੈਂਕ ਅਧਿਕਾਰੀਆਂ ਨੇ ਉਸ ਨੂੰ ਵੀ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਦੇ ਘਰ ’ਤੇ ਕਬਜ਼ਾ ਕਰਨ ਦੀ ਗੱਲ ਕੀਤੀ। ਬੈਂਕ ਅਧਿਕਾਰੀਆਂ ਦੇ ਮਾੜੇ ਰਵੱਈਏ ਕਾਰਨ ਜੋੜਾ ਬਹੁਤ ਪ੍ਰੇਸ਼ਾਨ ਸੀ। ਗਰਮੀਆਂ ਦੀਆਂ ਛੁੱਟੀਆਂ ਕਾਰਨ ਗਾਂਧੀਨਗਰ ਮਾਰਕੀਟ ਬੰਦ ਸੀ, ਪਰ ਇਸ ਦੇ ਬਾਵਜੂਦ ਜਸਵੀਰ ਸਿੰਘ ਅਤੇ ਉਸਦੀ ਪਤਨੀ ਰੋਜ਼ਾਨਾ ਦੁਕਾਨ ’ਤੇ ਜਾਂਦੇ ਸਨ। ਹਰ ਰੋਜ਼ ਵਾਂਗ ਅੱਜ ਜੋੜਾ ਸਵੇਰੇ 8.30 ਵਜੇ ਦੇ ਕਰੀਬ ਘਰ ਤੋਂ ਦੁਕਾਨ ’ਤੇ ਪਹੁੰਚਿਆ ਅਤੇ ਜ਼ਹਿਰੀਲਾ ਪਦਾਰਥ ਖਾ ਲਿਆ। ਸਵੇਰੇ ਲਗਪਗ 11 ਵਜੇ ਜਦੋਂ ਜਸਵੀਰ ਸਿੰਘ ਦਾ ਪੁੱਤਰ ਗਗਨਦੀਪ ਸਿੰਘ ਜਿਮ ਵਿੱਚੋਂ ਦੁਕਾਨ ’ਤੇ ਪਹੁੰਚਿਆ, ਤਾਂ ਆਪਣੇ ਮਾਪਿਆਂ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ। ਇਸ ਦੌਰਾਨ ਜਸਵੀਰ ਸਿੰਘ ਨੇ ਆਪਣੇ ਪੁੱਤਰ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ। ਉਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਹੈ। ਇਹ ਸੁਣ ਕੇ ਗਗਨਦੀਪ ਨੇੜਲੇ ਲੋਕਾਂ ਦੀ ਮਦਦ ਨਾਲ ਆਪਣੇ ਮਾਪਿਆਂ ਨੂੰ ਡੀਐੱਮਸੀ ਹਸਪਤਾਲ ਲੈ ਗਿਆ, ਜਿੱਥੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਮੁਲਜ਼ਮ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਥਾਣਾ ਇੰਚਾਰਜ
ਥਾਣਾ ਡਿਵੀਜ਼ਨ ਨੰਬਰ 4 ਦੇ ਥਾਣਾ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਨੇ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।