ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ਸਾਹਿਤ, ਸੱਭਿਆਚਾਰ ਤੇ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ

ਪੰਜਾਬੀ ਯੂਨੀਵਰਸਿਟੀ ’ਚ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਸਮਾਪਤ*ਸੱਭਿਆਚਾਰ ਪੱਖੋਂ ਪੰਜਾਬੀਆਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ: ਸਵਰਾਜ ਸਿੰਘ
ਕਾਨਫਰੰਸ ਮੌਕੇ ਮਹਿਮਾਨਾਂ ਦਾ ਸਨਮਾਨ ਨੂੰ ਸਨਮਾਨਦੇ ਹੋਏ ਡਾ. ਪਰਮੀਤ ਕੌਰ ਤੇ ਹੋਰ।
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 2 ਮਈ

Advertisement

ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਵਿਭਾਗ ਦੀ ਮੁਖੀ ਡਾ. ਪਰਮੀਤ ਕੌਰ ਦੀ ਦੇਖ-ਰੇਖ ਹੇਠ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ: ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਸਮਾਪਤ ਹੋ ਗਈ। ਵਿਦਾਇਗੀ ਭਾਸ਼ਣ ਦਿੰਦਿਆਂ ਚਿੰਤਕ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਨੂੰ ਇਸ ਪੱਖੋਂ ਸਪੱਸ਼ਟ ਹੋਣ ਦੀ ਲੋੜ ਹੈ ਕਿ ‘ਪੰਜਾਬੀ ਸ਼ਨਾਖਤ’ ਨੂੰ ਕਿਹੜੇ ਤੱਤਾਂ ਨਾਲ ਸਮਝਿਆ ਜਾਣਾ ਚਾਹੀਦਾ ਹੈ। ਸਿਰਸਾ ਨੇ ਕਿਹਾ, ‘‘ਹੁਣ ਵਿਸ਼ਵੀਕਰਨ ਦੇ ਦੌਰ ’ਚ ਸਾਨੂੰ ਬਹੁਤ ਸਾਰੀਆਂ ਗੱਲਾਂ ਨੂੰ ਮੁੜ ਪਰਿਭਾਸ਼ਤ ਕਰਨ ਦੀ ਲੋੜ ਹੈ। ਹੁਣ ਜਦੋਂ ਵਿਸ਼ਵ ਇੱਕ ਪਿੰਡ ਬਣ ਗਿਆ ਹੈ ਅਤੇ ਅਸੀਂ ਵੱਖ-ਵੱਖ ਪਛਾਣਾਂ ਅਤੇ ਸੱਭਿਆਚਾਰਾਂ ਵਾਲੇ ਸਮਾਜ ’ਚ ਰਹਿਣਾ ਹੈ ਤਾਂ ਸਾਨੂੰ ਕੁਝ ਮਾਮਲਿਆਂ ’ਚ ਵਧੇਰੇ ਉਦਾਰ ਹੋ ਕੇ ਮੁੜ ਸੋਚਣਾ ਚਾਹੀਦਾ ਹੈ।’’

ਉਨ੍ਹਾਂ ਕਿਹਾ ਕਿ ਹੁਣ ਪੁਰਾਣੇ ਸਮਿਆਂ ਦਾ ਅਵਚੇਤਨ ਲੈ ਕੇ ਜਿਉਣਾ ਮੁਸ਼ਕਲ ਹੈ ਅਤੇ ਨਿੱਜੀਕਰਨ ਵਿਰੁੱਧ ਲੜਾਈ ਤੋਂ ਬਿਨਾਂ ਕੋਈ ਵੀ ਲੜਾਈ ਨਹੀਂ ਲੜੀ ਜਾ ਸਕਦੀ। ਸਾਹਿਤ ਅਤੇ ਸੱਭਿਆਚਾਰ ਦੇ ਆਪਸੀ ਰਿਸ਼ਤੇ ਦੇ ਹਵਾਲੇ ਨਾਲ ਗੱਲ ਕਰਦਿਆਂ ਵਿਦਾਇਗੀ ਸੈਸ਼ਨ ਦੇੇ ਵਿਸ਼ੇਸ਼ ਮਹਿਮਾਨ ਡਾ. ਸਵਰਾਜ ਸਿੰਘ ਨੇ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿੱਚ ਸੱਭਿਆਚਾਰਕ ਪੱਖ ਤੋਂ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਭਾਸ਼ਾ ਫੈਕਲਟੀ ਦੇ ਡੀਨ ਡਾ. ਬਲਵਿੰਦਰ ਕੌਰ ਸਿੱਧੂ ਨੇ ਕੀਤੀ, ਜਿਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ। ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਨੇ ਦੱਸਿਆ ਕਿ ਕਾਨਫਰੰਸ ਵਿੱਚ ਵਿਸ਼ੇ ਨਾਲ ਸਬੰਧਤ 115 ਖੋਜ ਪੱਤਰ ਸ਼ਾਮਲ ਹੋਏ ਹਨ। ਵਿਦਾਇਗੀ ਸੈਸ਼ਨ ਤੋਂ ਪਹਿਲਾਂ ਆਖ਼ਰੀ ਅਕਾਦਮਿਕ ਪੈਨਲ ਦੌਰਾਨ ਵਿਚਾਰ ਚਰਚਾ ਦਾ ਆਰੰਭ ਪ੍ਰੋ. ਸਰਬਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਸੈਸ਼ਨ ਵਿੱਚ ਪ੍ਰੋ. ਜੋਗਾ ਸਿੰਘ, ਪ੍ਰੋ. ਭੁਪਿੰਦਰ ਸਿੰਘ ਖਹਿਰਾ, ਪ੍ਰੋ. ਜਸਵਿੰਦਰ ਸਿੰਘ ਬੁਲਾਰਿਆਂ ਵਜੋਂ ਸ਼ਾਮਲ ਹੋਏ। ਇਸ ਦੌਰਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਅਜੋਕੀ ਸਥਿਤੀ ਨੂੰ ਵਾਚਦਿਆਂ ਸਮਕਾਲੀ ਦੌਰ ’ਚ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ। ਮਸਨੂਈ ਬੌਧਿਕਤਾ ਦੇ ਇਸ ਦੌਰ ਵਿਚ ਪੰਜਾਬੀ ਸਾਹਿਤ, ਸੱਭਿਆਚਾਰ ਦੇ ਸਨਮੁਖ ਚੁਣੌਤੀਆਂ ਦੇ ਨਾਲ-ਨਾਲ ਸਾਰਥਿਕ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ।

Advertisement
Show comments