ਯਾਦਗਾਰੀ ਸਮਾਗਮ ’ਚ ਕੁਦਰਤੀ ਖੇਤੀ ’ਤੇ ਚਰਚਾ
ਸਥਾਨਕ ਤਰਕਸ਼ੀਲ ਭਵਨ ’ਚ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੇ ਮਰਹੂਮ ਆਗੂ ਮੱਘਰ ਕੁਲਰੀਆਂ ਦੀ ਯਾਦ ’ਚ ਸਮਾਗਮ ਮੌਕੇ ‘ਜਲਵਾਯੂ ਤਬਦੀਲੀ ਦਾ ਖੇਤੀਬਾੜੀ ਪੈਦਾਵਾਰ ’ਤੇ ਪ੍ਰਭਾਵ ਅਤੇ ਸਾਡੀ ਭੋਜਨ ਸੁਰੱਖਿਆ ਦਾ ਭਵਿੱਖ’ ਵਿਸ਼ੇ ’ਤੇ ਚਰਚਾ ਕਰਵਾਈ ਗਈ। ਬੁਲਾਰਿਆਂ ਨੇ ਚਰਚਾ ’ਚ ਹਿੱਸਾ ਲਿਆ ਤੇ ਮੱਘਰ ਸਿੰਘ ਕੁਲਰੀਆਂ ਨੂੰ ਯਾਦ ਕੀਤਾ।
ਮੁੱਖ ਬੁਲਾਰੇ ਵਜੋਂ ਪਹੁੰਚੇ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਕੌਮੀ ਆਗੂ ਸੁਖਦੇਵ ਸਿੰਘ ਭੁਪਾਲ ਨੇ ਕਿਹਾ, ‘‘ਸਾਡੀ ਖੁਰਾਕ ਸੁਰੱਖਿਆ ਦਾ ਮਹੱਤਵ ਕੌਮੀ ਸੁਰੱਖਿਆ ਤੋਂ ਵੀ ਉਪਰ ਹੈ। ਨੀਤੀ ਆਯੋਗ ਵੱਲੋਂ ਹਾਲ ਹੀ ’ਚ ਜਾਰੀ ‘ਰੀਇਮੈਜਨਿੰਗ ਐਗਰੀਕਲਚਰ ਰੋਡਮੈਪ’ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨੀਤੀ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕਰਨ ਤੇ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੋਂ ਵਧ ਕੁਝ ਨਹੀਂ। ਉਨ੍ਹਾਂ ਦੱਸਿਆ ਕਿ ਭੋਜਨ ਤੇ ਖੇਤੀਬਾੜੀ ਲਈ ਪੌਦਿਆਂ ਦੇ ਜੈਨੇਟਿਕ ਸਰੋਤਾਂ ’ਤੇ ਕੌਮਾਂਤਰੀ ਸੰਧੀ (ਆਈ ਟੀ ਪੀ ਜੀ ਆਰ ਐੱਫ ਏ) ’ਤੇ ਭਾਰਤ ਸਰਕਾਰ ਦੇ ਵੀ ਦਸਤਖ਼ਤ ਹਨ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਮੈਂਬਰ ਦੇਸ਼ਾਂ ਨੂੰ ਇਸ ਸੰਧੀ ਮੁਤਾਬਕ ਲਏ ਫ਼ੈਸਲੇ ਲਾਗੂ ਕਰਨੇ ਕਾਨੂੰਨੀ ਤੌਰ ’ਤੇ ਲਾਜ਼ਮੀ ਹੋਣਗੇ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ‘ਬੀਜ ਡ੍ਰਾਫਟ ਬਿਲ’ ਉੱਤੇ ਵੀ ਸਵਾਲ ਚੁੱਕੇ। ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ ਅਤੇ ਜਨਰਲ ਸਕੱਤਰ ਜਗਪਾਲ ਸਿੰਘ ਊਧਾ ਨੇ ਕਾਰਪੋਰੇਟ ਪੱਖੀ ਖੇਤੀ ਦੀ ਥਾਂ ਕੁਦਰਤੀ ਸਹਿਕਾਰੀ ਖੇਤੀ ਨੀਤੀ ਅਪਣਾਉਣ ਲਈ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਰਾਜਸਥਾਨ ਤੋਂ ਆਏ ਇੰਜਨੀਅਰ ਸੱਜਣ ਕੁਮਾਰ ਤੇ ਆਰ ਕੇ ਮੇਘਵਾਲ ਨੇ ਵਾਤਾਵਰਨ ਦੀ ਸੁਰੱਖਿਆ ਤੇ ਗਰੀਬੀ ਤੇ ਬੇਰੁਜ਼ਗਾਰੀ ਦੇ ਖਾਤਮੇ ਦਾ ਸੱਦਾ ਦਿੱਤਾ। ਚਰਚਾ ’ਚ ਦੀਦਾਰ ਸਿੰਘ ਤੇ ਦਵਾਰਕਾ ਸ਼ਰਮਾ, ਰੋਹੀ ਸਿੰਘ, ਡਾ. ਬਲਵਿੰਦਰ ਸਿੰਘ ਔਲਖ, ਡਾ. ਜਗਤਾਰ ਸਿੰਘ ਜੋਗਾ, ਸੁਰਿੰਦਰ ਕੁਮਾਰ, ਕਰਨੈਲ ਸਿੰਘ ਜਖੇਪਲ, ਰਮਿੰਦਰ ਪਾਲ ਸਿੰਘ ਠੀਕਰੀਵਾਲਾ, ਗਮਦੂਰ ਕੌਰ ਕੁਲਰੀਆਂ ਆਦਿ ਵੀ ਨੇ ਹਿੱਸਾ ਲਿਆ।
