ਦਿਵਿਆਂਗ ਕਰਮਚਾਰੀਆਂ ਦੀ ਨਹੀਂ ਲੱਗੇਗੀ ਰਾਤ ਨੂੰ ਡਿਊਟੀ
ਪੰਜਾਬ ਸਰਕਾਰ ਨੇ ਸੂਬੇ ਦੇ ਦਿਵਿਆਂਗ ਕਰਮਚਾਰੀਆਂ ਦੀ ਰਾਤ ਸਮੇਂ ਡਿਊਟੀ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਨੇਤਰਹੀਣ ਅਤੇ ਚੱਲਣ ਫਿਰਨ ਤੋਂ ਅਸਮਰੱਥ ਦਿਵਿਆਂਗ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ। ਇਹ ਆਦੇਸ਼ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਰੀ ਕੀਤੇ ਹਨ। ਉਨ੍ਹਾਂ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨੇਤਰਹੀਣ ਤੇ ਚੱਲਣ ਫਿਰਨ ਤੋਂ ਅਸਮਰੱਥ ਦਿਵਿਆਂਗ ਕਰਮਚਾਰੀਆਂ ਦੀ ਰਾਤ ਸਮੇਂ ਡਿਊਟੀ ਨਾ ਲਗਾਈ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਦਿਵਿਆਂਗ ਕਰਮਚਾਰੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਰਾਤ ਦੀਆਂ ਡਿਊਟੀਆਂ ਤੋਂ ਛੋਟ ਮੰਗੀ ਜਾ ਰਹੀ ਸੀ। ਸੂਬਾ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਦੀਆਂ ਐਸੋਸੀਏਸ਼ਨਾਂ ਦੀਆਂ ਮੰਗਾਂ ਨੂੰ ਮੰਨਦਿਆਂ ਨੇਤਰਹੀਣ ਤੇ ਚਲਣ-ਫਿਰਨ ਤੋਂ ਅਸਮਰੱਥ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਤੋਂ ਛੋਟ ਦੇ ਦਿੱਤੀ ਹੈ। ਡਾ. ਬਲਜੀਤ ਕੌਰ ਨੇ ਪੰਜਾਬ ਸਰਕਾਰ ਹਮੇਸ਼ਾ ਦਿਵਿਆਂਗਾਂ ਦੀ ਭਲਾਈ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ।